ਮੁੰਬਈ, 16 ਸਤੰਬਰ
ਸ਼ਿਵ ਸੈਨਾ ਦੇ ਵਿਧਾਇਕ ਸੰਜੈ ਗਾਇਕਵਾੜ ਨੇ ਰਾਖਵਾਂਕਰਨ ਪ੍ਰਣਾਲੀ ’ਤੇ ਟਿੱਪਣੀ ਕਰਨ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਵਿਅਕਤੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਹ ਸ਼ਿਵ ਸੈਨਾ ਵਿਧਾਇਕ ਦੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੇ।
ਵਿਵਾਦਤ ਬਿਆਨ ਦੇਣ ਤੋਂ ਪਹਿਲਾਂ ਗਾਇਕਵਾੜ ਨੇ ਪੱਤਰਕਾਰਾਂ ਨੂੰ ਕਿਹਾ, ‘ਰਾਹੁਲ ਗਾਂਧੀ ਨੇ ਵਿਦੇਸ਼ ’ਚ ਕਿਹਾ ਕਿ ਉਹ ਭਾਰਤ ’ਚ ਰਾਖਵਾਂਕਰਨ ਖਤਮ ਕਰਨਾ ਚਾਹੁੰਦੇ ਹਨ। ਇਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਹਾਲ ਹੀ ਦੇ ਅਮਰੀਕਾ ਦੌਰੇ ’ਤੇ ਰਾਹੁਲ ਗਾਂਧੀ ਨੇ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕੀਤੀ ਸੀ। ਇਹ ਉਨ੍ਹਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ ਮੈਂ 11 ਲੱਖ ਰੁਪਏ ਦਾ ਇਨਾਮ ਦੇਵਾਂਗਾ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਚੋਣਾਂ ’ਚ ਹਰਾਇਆ ਸੀ।
ਸ਼ਿਵ ਸੈਨਾ ਵਿਧਾਇਕ ਨੇ ਕਿਹਾ, ‘ਰਾਹੁਲ ਦੀਆਂ ਟਿੱਪਣੀਆਂ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਹੈ। ਮਰਾਠਾ, ਧਨਗਰ ਅਤੇ ਓਬੀਸੀ ਵਰਗੇ ਭਾਈਚਾਰੇ ਰਾਖਵੇਂਕਰਨ ਲਈ ਲੜ ਰਹੇ ਹਨ ਪਰ ਰਾਹੁਲ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ। ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਦਿਖਾਉਂਦੇ ਹਨ ਅਤੇ ਗਲਤ ਧਾਰਨਾ ਫੈਲਾਉਂਦੇ ਹਨ ਕਿ ਭਾਜਪਾ ਸੰਵਿਧਾਨ ਨੂੰ ਬਦਲ ਦੇਵੇਗੀ। ਇਸ ਦੇ ਉਲਟ ਕਾਂਗਰਸ ਦੇਸ਼ ਨੂੰ 400 ਸਾਲ ਪਿੱਛੇ ਲਿਜਾਣ ਦੀ ਸਾਜ਼ਿਸ਼ ਰਚ ਰਹੀ ਹੈ।’
ਇਸ ਬਾਰੇ ਭਾਜਪਾ ਆਗੂ ਬਾਵਨਕੁਲੇ ਨੇ ਕਿਹਾ, ‘ਮੈਂ ਗਾਇਕਵਾੜ ਦੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦਾ। ਹਾਲਾਂਕਿ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਾਖਵੇਂਕਰਨ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਸ ਨਾਲ ਤਰੱਕੀ ’ਤੇ ਅਸਰ ਪਵੇਗਾ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਰਾਖਵਾਂਕਰਨ ਦੇਣ ਦਾ ਮਤਲਬ ਮੂਰਖਾਂ ਦਾ ਸਮਰਥਨ ਕਰਨਾ ਹੈ। ਹੁਣ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹ ਰਾਖਵਾਂਕਰਨ ਖਤਮ ਕਰ ਦੇਣਗੇ।’
ਇਸ ਦੌਰਾਨ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਬੁਲਾਰੇ ਅਤੁਲ ਲੋਂਧੇ ਨੇ ਕਿਹਾ, ‘ਸੰਜੈ ਗਾਇਕਵਾੜ ਸਮਾਜ ਅਤੇ ਸਿਆਸਤ ਵਿੱਚ ਰਹਿਣ ਦੇ ਯੋਗ ਨਹੀਂ ਹਨ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਕੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਗਾਇਕਵਾੜ ਦੇ ਖ਼ਿਲਾਫ਼ ਗੈਰ ਇਰਾਦਾ ਹੱਤਿਆ ਦਾ ਦੋਸ਼ ਦਾਇਰ ਕਰਦੇ ਹਨ ਜਾਂ ਨਹੀਂ।’ -ਪੀਟੀਆਈ
ਰਾਹੁਲ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਅਸਲ ਅਤਿਵਾਦੀ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸ਼ਿਵ ਸੈਨਾ ਦੇ ਵਿਧਾਇਕ ਸੰਜੈ ਗਾਇਕਵਾੜ ਦੀਆਂ ਵਿਵਾਦਿਤ ਟਿੱਪਣੀਆਂ ਬਾਰੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਬਾਰੇ ਹਿੰਸਕ ਗੱਲਾਂ ਕਰਨ ਵਾਲੇ ਹੀ ‘ਅਸਲੀ ਅਤਿਵਾਦੀ’ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਵਿਰੋਧੀ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਉਨ੍ਹਾਂ ਦੀ ‘ਸਿਆਸੀ ਸਰਪ੍ਰਸਤੀ’ ਹੇਠ ਰਾਹੁਲ ਗਾਂਧੀ ਖ਼ਿਲਾਫ਼ ਅਜਿਹੀ ‘ਹਿੰਸਕ ਬਿਆਨਬਾਜ਼ੀ’ ਕੀਤੀ ਜਾ ਰਹੀ ਹੈ।ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਰਾਹੁਲ ਖ਼ਿਲਾਫ਼ ਅਜਿਹੀਆਂ ‘ਘਿਣਾਉਣੀ ਟਿੱਪਣੀਆਂ’ ਕਈ ਵਾਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਕੌਣ ਹੈ। ਉਹ ਪੰਜ ਵਾਰ ਚੁਣੇ ਗਏ ਸੰਸਦ ਮੈਂਬਰ ਹਨ। ਉਹ ਭਾਰਤ ਦੇ ਲੋਕਤੰਤਰ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਅਜਿਹੇ ਹਿੰਸਕ ਬਿਆਨਾਂ ਨੂੰ ਬਰਦਾਸ਼ਤ ਕਿਵੇਂ ਕੀਤਾ ਜਾ ਸਕਦਾ ਹੈ?’ ਮੈਂ ਅਜਿਹਾ ਕਿਉਂ ਨਾ ਕਹਾਂ ਕਿ ਭਾਜਪਾ ਆਗੂ ਅਤੇ ਉਨ੍ਹਾਂ ਦੇ ਗੱਠਜੋੜ ਦੇ ਭਾਈਵਾਲ ਅਜਿਹੇ ਹਿੰਸਕ ਬਿਆਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਦੇ ਰਹੇ ਹਨ।’