ਜੈਪੁਰ, 11 ਨਵੰਬਰ
ਪੁਲੀਸ ਨੇ ਅੱਜ ਉਦੈਪੁਰ ਵਿੱਚ ਛੇੜਛਾੜ ਦਾ ਵਿਰੋਧ ਕਰਨ ’ਤੇ ਥਾਈ ਲੜਕੀ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਥਾਂਕ ਚਾਨੋਕ (24) ਦਾ ਉਦੈਪੁਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐੱਸਪੀ ਯੋਗੇਸ਼ ਗੋਇਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਹੁਲ ਗੁੱਜਰ (25), ਅਕਸ਼ੈ ਖੂਬਚੰਦਾਨੀ (25), ਧਰੁਵ ਸੁਹਾਲਕਾ (21) ਅਤੇ ਮਾਹਿਮ ਚੌਧਰੀ (20) ਵਜੋਂ ਹੋਈ ਹੈ। ਐੱਸਪੀ ਅਨੁਸਾਰ ਚਾਨੋਕ ਆਪਣੀ ਮਹਿਲਾ ਦੋਸਤ ਨਾਲ ਉਦੈਪੁਰ ਦੇ ਹੋਟਲ ਵਿੱਚ ਠਹਿਰੀ ਹੋਈ ਸੀ। ਸ਼ਨਿਚਰਵਾਰ ਨੂੰ ਉਹ ਕੁਝ ਦੋਸਤਾਂ ਨੂੰ ਮਿਲਣ ਲਈ ਬਾਹਰ ਚਲੀ ਗਈ, ਜੋ ਉਸ ਨੂੰ ਕਿਸੇ ਹੋਰ ਹੋਟਲ ਵਿੱਚ ਲੈ ਗਏ। ਇਸ ਦੌਰਾਨ ਜਦੋਂ ਇਨ੍ਹਾਂ ’ਚੋਂ ਰਾਹੁਲ ਗੁੱਜਰ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਨੋਕ ਨੇ ਉਸ ਦੇ ਦੰਦੀ ਵੱਢ ਦਿੱਤੀ। ਇਸ ’ਤੇ ਗੁੱਸੇ ਵਿੱਚ ਆ ਕੇ ਰਾਹੁਲ ਨੇ ਚਾਨੋਕ ’ਤੇ ਗੋਲੀਆਂ ਚਲਾ ਦਿੱਤੀਆਂ। -ਪੀਟੀਆਈ