ਨਵੀਂ ਦਿੱਲੀ, 1 ਨਵੰਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਜਿਹੇ ਪ੍ਰਬੰਧ ਦੀ ਵਕਾਲਤ ਕੀਤੀ ਹੈ, ਜਿੱਥੇ ਹੁਨਰਮੰਦਾਂ ਨੂੰ ਉਨ੍ਹਾਂ ਦਾ ਮਾਣ-ਸਤਿਕਾਰ ਮਿਲੇ। ਗਾਂਧੀ ਨੇ ਦੀਵਾਲੀ ਮੌਕੇ ਯੂਟਿਊਬ ਉੱਤੇ ਵੀਡੀਓ ਸਾਂਝਾ ਕੀਤਾ ਹੈ, ਜਿੱਥੇ ਉਹ ਰੰਗ ਰੋਗਨ ਕਰਨ ਵਾਲੇ ਵਰਕਰਾਂ ਤੇ ਘੁਮਿਆਰਾਂ ਨਾਲ ਗੱਲਬਾਤ ਕਰ ਰਹੇ ਹਨ। ਨੌਂ ਮਿੰਟ ਤੋਂ ਵੱਧ ਦੀ ਇਸ ਵੀਡੀਓ ਵਿਚ ਗਾਂਧੀ ਨਾਲ ਉਨ੍ਹਾਂ ਦਾ ਭਾਣਜਾ ਰੇਹਾਨ ਰਾਜੀਵ ਵਾਰਡਾ ਵੀ ਨਜ਼ਰ ਆ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਕੁਝ ਖਾਸ ਲੋਕਾਂ ਨਾਲ ਯਾਦਗਾਰ ਦੀਵਾਲੀ…ਮੈਂ ਇਹ ਦੀਵਾਲੀ ਰੰਗ ਰੋਗਨ ਕਰਨ ਵਾਲੇ ਕੁੁਝ ਭਰਾਵਾਂ ਨਾਲ ਮਨਾਈ ਤੇ ਘੁਮਿਆਰ ਪਰਿਵਾਰ ਨਾਲ ਮਿੱਟੀ ਦੇ ਦੀਵੇ ਬਣਾਏ। ਮੈਂ ਉਨ੍ਹਾਂ ਦੇ ਕੰਮ ਨੂੰ ਨੇੜਿਓਂ ਦੇਖਿਆ, ਉਨ੍ਹਾਂ ਦੇ ਹੁਨਰ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਦਿੱਕਤਾਂ ਨੂੰ ਸਮਝਿਆ। ਉਹ ਘਰ ਨਹੀਂ ਜਾਂਦੇ। ਅਸੀਂ ਖੁਸ਼ੀ ਖ਼ੁਸ਼ੀ ਤਿਓਹਾਰ ਮਨਾਉਂਦੇ ਹਾਂ ਤੇ ਉਹ ਕੁਝ ਪੈਸਾ ਕਮਾਉਣ ਲਈ ਆਪਣਾ ਪਿੰਡ, ਸ਼ਹਿਰ ਤੇ ਪਰਿਵਾਰ ਸਭ ਕੁਝ ਭੁੱਲ ਜਾਂਦੇ ਹਨ।’’
ਵੀਡੀਓ ਵਿਚ ਗਾਂਧੀ ਆਪਣੇ ਭਾਣਜੇ ਨਾਲ 10 ਜਨਪਥ ਸਥਿਤ ਰਿਹਾਇਸ਼ ਉੱਤੇ ਕੁਝ ਕਿਰਤੀਆਂ ਨਾਲ ਕੰਮ ਕਰਦੇ ਤੇ ਕੰਧ ਨੂੰ ਰੋਗਨ ਕਰਨਾ ਸਿੱਖ ਰਹੇ ਹਨ। ਇਕ ਹੋਰ ਵੀਡੀਓ ਵਿਚ ਗਾਂਧੀ ਮਹਿਲਾ ਦੇ ਘਰ ਨਜ਼ਰ ਆ ਰਹੇ ਹਨ, ਜਿੱਥੇ ਉਹ ਆਪਣੀਆਂ ਪੰਜ ਧੀਆਂ ਨਾਲ ਦੀਵੇ ਬਣਾ ਰਹੀ ਹੈ। ਗਾਂਧੀ ਨੇ ਆਪਣੇ ਹੱਥੀਂ ਕੁਝ ਦੀਵੇ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਹ ਦੀਵੇ ਆਪਣੀ ਮਾਂ ਅਤੇ ਭੈਣ ਨੂੰ ਦੇਣਗੇ। -ਪੀਟੀਆਈ