ਨਵੀਂ ਦਿੱਲੀ:
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਸੂਬਾ ਸਰਕਾਰਾਂ ਨੂੰ ਬੁਨਿਆਦੀ ਸਿਹਤ ਢਾਂਚੇ ਵਿੱਚ ਸੁਧਾਰਾਂ ’ਤੇ ਵੱਧ ਫੰਡ ਖ਼ਰਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥਕੇਅਰ ਇਨਫਰਾਸਟਰੱਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਤਹਿਤ ਅਲਾਟ ਕੀਤੇ ਜਾਣ ਵਾਲੇ ਫੰਡਾਂ ਵਿੱਚ ਕਟੌਤੀ ਕੀਤੀ ਗਈ ਹੈ।
ਲੋਕ ਸਭਾ ਵਿੱਚ ਚਰਚਾ ਵਿੱਚ ਹਿੱਸਾ ਲੈਂਦਿਆਂ ਨੱਢਾ ਨੇ ਮੈਡੀਕਲ ਕਾਲਜਾਂ ਦੀ ਗਿਣਤੀ ਵਿੱਚ ਵਾਧੇ, ਸਿਹਤ ਸਾਂਭ-ਸੰਭਾਲ ਵਿੱਚ ਹੋਣ ਵਾਲੇ ਬਾਹਰੀ ਖਰਚਿਆਂ ਨੂੰ ਘਟਾਉਣ ਲਈ ਚੁੱਕੇ ਕਦਮਾਂ ਅਤੇ ਕੈਂਸਰ ਤੇ ਅਨੀਮੀਆ ਵਰਗੀਆਂ ਬਿਮਾਰੀਆਂ ਦੀ ਫੌਰੀ ਜਾਂਚ ਲਈ ਕੀਤੀਆਂ ਪਹਿਲਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਗਿਣਾਇਆ। ਬੁਨਿਆਦੀ ਸਿਹਤ ਢਾਂਚੇ ਲਈ ਫੰਡਾਂ ਵਿੱਚ ਕਟੌਤੀ ਕੀਤੇ ਜਾਣ ਦੇ ਵਿਰੋਧੀ ਧਿਰ ਦੇ ਦਾਅਵਿਆਂ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੇ ਪਿਛਲੇ ਸਾਲ ਕੇਂਦਰੀ ਬਜਟ ਵਿੱਚ ਅਲਾਟ ਕੀਤੇ 4200 ਕਰੋੜ ਵਿੱਚੋਂ ਸਿਰਫ਼ 1806 ਕਰੋੜ ਰੁਪਏ ਹੀ ਖਰਚ ਕੀਤੇ ਹਨ। -ਪੀਟੀਆਈ