ਨਵੀਂ ਦਿੱਲੀ, 13 ਸਤੰਬਰ
ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਸਬੰਧੀ ਜਾਂਚ ਤਹਿਤ ਤਾਇਵਾਨ ਦੇ ਵਿਅਕਤੀ ਚਾਂਗ ਚੁੰਗ-ਲਿੰਗ ਦੇ ਸਵਿੱਸ ਬੈਂਕ ਖ਼ਾਤਿਆਂ ’ਚ ਜਮ੍ਹਾਂ 31.1 ਕਰੋੜ ਡਾਲਰ (2,610 ਕਰੋੜ ਰੁਪਏ) ਜਾਮ ਕਰ ਲਏ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਅਡਾਨੀ ਗਰੁੱਪ ਦਾ ਮੁਖੌਟਾ ਹੋ ਸਕਦਾ ਹੈ। ਉਂਝ ਅਡਾਨੀ ਗਰੁੱਪ ਨੇ ਇਸ ਦੋਸ਼ ਨੂੰ ਜ਼ੋਰਦਾਰ ਢੰਗ ਨਾਲ ਨਕਾਰਦਿਆਂ ਕਿਹਾ ਕਿ ਉਹ ਨਾ ਤਾਂ ਕਿਸੇ ਸਵਿਸ ਅਦਾਲਤੀ ਕਾਰਵਾਈ ’ਚ ਸ਼ਾਮਲ ਹੈ ਅਤੇ ਨਾ ਹੀ ਉਸ ਦਾ ਕੋਈ ਖ਼ਾਤਾ ਜਾਮ ਹੋਇਆ ਹੈ। ਅਮਰੀਕਾ ਆਧਾਰਿਤ ਕੰਪਨੀ ਹਿੰਡਨਬਰਗ ਰਿਸਰਚ ਨੇ ‘ਐਕਸ’ ’ਤੇ ਪੋਸਟ ’ਚ ਸਵਿਟਜ਼ਰਲੈਂਡ ਦੀ ਮੀਡੀਆ ਕੰਪਨੀ ਗੋਥਮ ਸਿਟੀ ਵੱਲੋਂ ਜਾਰੀ ਸਵਿਸ ਅਪਰਾਧਿਕ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਵਿਸ ਅਧਿਕਾਰੀਆਂ ਨੇ ਅਡਾਨੀ ਨਾਲ ਸਬੰਧਤ ਮਨੀ ਲਾਂਡਰਿੰਗ ਅਤੇ ਸਕਿਉਰਿਟੀਜ਼ ’ਚ ਜਾਅਲਸਾਜ਼ੀ ਦੀ ਜਾਂਚ ਤਹਿਤ ਸਵਿਸ ਬੈਂਕ ਖ਼ਾਤਿਆਂ ’ਚ 31 ਕਰੋੜ ਡਾਲਰ ਤੋਂ ਵੱਧ ਦੀ ਰਕਮ ਜ਼ਬਤ ਕੀਤੀ ਹੈ। ਇਹ ਜਾਂਚ 2021 ਦੀ ਸ਼ੁਰੂਆਤ ’ਚ ਹੋਈ ਸੀ। ਹਿੰਡਨਬਰਗ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਕਿਵੇਂ ਅਡਾਨੀ ਨਾਲ ਜੁੜੇ ਵਿਅਕਤੀ ਨੇ ਅਪਾਰਦਰਸ਼ੀ ਬੀਵੀਆਈ/ਮੌਰੀਸ਼ਸ ਅਤੇ ਬਰਮੂਡਾ ਫੰਡਾਂ ’ਚ ਨਿਵੇਸ਼ ਕੀਤਾ। ਇਸ ਫੰਡ ’ਚ ਜ਼ਿਆਦਾਤਰ ਸ਼ੇਅਰ ਅਡਾਨੀ ਦੇ ਸਨ। ਅਡਾਨੀ ਗਰੁੱਪ ਨੇ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਕਿਹਾ ਕਿ ਉਸ ਦਾ ਸਵਿੱਟਜ਼ਰਲੈਂਡ ’ਚ ਕਿਸੇ ਵੀ ਅਦਾਲਤੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੈ। ਬਿਆਨ ਮੁਤਾਬਕ ਕਥਿਤ ਹੁਕਮ ’ਚ ਵੀ ਸਵਿੱਸ ਕੋਰਟ ਨੇ ਨਾ ਤਾਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਜ਼ਿਕਰ ਕੀਤਾ ਹੈ ਤੇ ਨਾ ਹੀ ਕਿਸੇ ਨੇ ਸਪੱਸ਼ਟੀਕਰਨ ਲਈ ਕੋਈ ਨੋਟਿਸ ਭੇਜਿਆ ਹੈ। -ਪੀਟੀਆਈ
ਅਡਾਨੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਆਪਣੇ ਹੱਥਾਂ ’ਚ ਲਏ: ਕਾਂਗਰਸ
ਨਵੀਂ ਦਿੱਲੀ:
ਕਾਂਰਗਸ ਨੇ ਸਵਿੱਸ ਅਧਿਕਾਰੀਆਂ ਵੱਲੋਂ ਅਡਾਨੀ ਨਾਲ ਜੁੜੇ ਕਥਿਤ ਵਿਕਅਤੀ ਦੇ 31.1 ਕਰੋੜ ਡਾਲਰ ਦੇ ਖ਼ਾਤੇ ਜ਼ਬਤ ਕੀਤੇ ਜਾਣ ਬਾਅਦ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਅਡਾਨੀ ਮਾਮਲੇ ਦੀ ਜਾਂਚ ਆਪਣੇ ਹੱਥਾਂ ’ਚ ਲਏ ਅਤੇ ਸਾਂਝੀ ਸੰਸਦੀ ਕਮੇਟੀ ਇਸ ਦੀ ਜਾਂਚ ਕਰੇ। ਕਾਂਰਗਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕੁਝ ਵਿੱਤੀ ਅਪਰਾਧ ਸਾਹਮਣੇ ਆਏ ਹੋਣਗੇ ਤਾਂ ਹੀ ਸਵਿਟਜ਼ਰਲੈਂਡ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਚਾਂਗ ਦੇ ਅਡਾਨੀ ਗਰੁੱਪ ਨਾਲ ਸਬੰਧ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚਾਂਗ ਦੇ ਸ਼ੰਘਾਈ ਅਡਾਨੀ ਸ਼ਿਪਿੰਗ ਅਤੇ ਅਡਾਨੀ ਸ਼ਿਪਿੰਗ (ਚੀਨ) ਨਾਲ ਵੀ ਸਬੰਧ ਸਨ ਜੋ ਉੱਤਰੀ ਕੋਰੀਆ ’ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਕਥਿਤ ਉਲੰਘਣਾ ’ਚ ਸ਼ਾਮਲ ਸਨ। -ਪੀਟੀਆਈ