ਗੁਲਾਬਗੜ੍ਹ(ਜੰਮੂ ਕਸ਼ਮੀਰ)/ਸ੍ਰੀਨਗਰ, 16 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿਚ ਅਤਿਵਾਦ ਨੂੰ ਇੰਨਾ ਡੂੰਘਾ ਦਫ਼ਨ ਕਰ ਦੇਵੇਗੀ, ਜਿੱਥੋਂ ਇਹ ਮੁੜ ਸਿਰ ਨਹੀਂ ਚੁੱਕ ਸਕੇਗਾ। ਸ਼ਾਹ ਨੇ ਜ਼ੋਰ ਦੇ ਕੇ ਆਖਿਆ ਕਿ ਧਾਰਾ 370 ਬੀਤੇ ਦੀਆਂ ਗੱਲਾਂ ਹਨ ਤੇ ਇਹ ਹੁਣ ਮੁੜ ਕਦੇ ਵੀ ਭਾਰਤ ਦੇ ਸੰਵਿਧਾਨ ਦਾ ਹਿੱਸਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਹੱਥਾਂ ਵਿਚ ਲੈਪਟੋਪ ਤੇ ਤਿਰੰਗੇ ਫੜੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ ਜਦੋਂਕਿ ਜਿਨ੍ਹਾਂ ਨੇ ਹਥਿਆਰ ਤੇ ਪੱਥਰ ਫੜੇ ਹੋਣਗੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਭੇਜਿਆ ਜਾਵੇਗਾ। ਸ਼ਾਹ ਨੇ ਦਾਅਵਾ ਕੀਤਾ ਕਿ ਇਹ ਚੋਣਾਂ ਗਾਂਧੀ-ਅਬਦੁੱਲਾ ਪਰਿਵਾਰਾਂ ਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ। ਪਹਿਲੇ ਗੇੜ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ਾਹ ਨੇ ਕਿਸ਼ਤਵਾੜ ਜ਼ਿਲ੍ਹੇ ਵਿਚ ਦੋ ਤੇ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਵਿਚ ਦਿਨ ਦੀ ਤੀਜੀ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਸ਼ਾਹ ਨੇ ਕਿਹਾ ਕਿ ਐੱਨਸੀ ਆਗੂ ਉਮਰ ਅਬਦੁੱਲਾ ਅਸੈਂਬਲੀ ਚੋਣਾਂ ਲੜਨ ਬਾਰੇ ਦੁਚਿੱਤੀ ਵਿਚ ਹੈ ਤੇ ਉਸ ਦੀ ਦੋਵਾਂ ਸੀਟਾਂ (ਗੰਦਰਬਲ ਤੇ ਬਡਗਾਮ) ਤੋਂ ਹਾਰ ਯਕੀਨੀ ਹੈ। ਗ੍ਰਹਿ ਮੰਤਰੀ ਨੇ ਦਹਿਸ਼ਤੀ ਘਟਨਾਵਾਂ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਤੇ ਖਾਸ ਕਰਕੇ ਭਾਜਪਾ ਆਗੂਆਂ ਅਨਿਲ ਪਰੀਹਾਰ, ਅਜੀਤ ਪਰੀਹਾਰ ਤੇ ਆਰਐੱਸਐੱਸ ਆਗੂ ਚੰਦਰਕਾਂਤ ਸ਼ਰਮਾ ਦੀਆਂ ਮੌਤਾਂ ਦਾ ਹਵਾਲਾ ਦਿੱਤਾ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਸ੍ਰੀਨਗਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਮੈਂਬਰ ਸ਼ੇਖ਼ ਅਬਦੁਲ ਰਾਸ਼ਿਦ ਦੀ ਅਵਾਮੀ ਇਤਿਹਾਦ ਪਾਰਟੀ (ਏਆਈਪੀ) ਤੇ ਜਮਾਤ-ਏ-ਇਸਲਾਮੀ ਵਿਚਾਲੇ ਗੱਠਜੋੜ ਦੀ ਡੋਰ ਕਿਸੇ ਹੋਰ ਦੇ ਹੱਥ ਹੈ ਤੇ ਦੋਵੇਂ ਪਾਰਟੀਆਂ ਉਸ ਦੇ ਇਸ਼ਾਰੇ ’ਤੇ ਨੱਚ ਰਹੀਆਂ ਹਨ। -ਪੀਟੀਆਈ
ਕਾਂਗਰਸ ਵੱਲੋਂ ਜੰਮੂ ਕਸ਼ਮੀਰ ਚੋਣਾਂ ਲਈ ਮੈਨੀਫੈਸਟੋ ਜਾਰੀ
ਸ੍ਰੀਨਗਰ:
ਕਾਂਗਰਸ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਅੱਜ ਆਪਣਾ ਮੈੈਨੀਫੈਸਟੋ ਜਾਰੀ ਕਰਦਿਆਂ ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਦੀ ਭਲਾਈ ਲਈ ਵੱਖ ਵੱਖ ਉਪਰਾਲਿਆਂ ਦਾ ਐਲਾਨ ਕੀਤਾ ਹੈ। ‘ਹਾਥ ਬਦਲੇਗਾ ਹਾਲਾਤ’ ਸਿਰਲੇਖ ਵਾਲੇ ਮੈਨੀਫੈਸਟੋ ਵਿਚ ਕੁਦਰਤੀ ਆਫ਼ਤਾਂ ਖਿਲਾਫ਼ ਸਾਰੀਆਂ ਫ਼ਸਲਾਂ ਦਾ ਬੀਮਾ ਤੇ ਸੇਬ ਲਈ 72 ਰੁਪਏ ਪ੍ਰਤੀ ਕਿਲੋ ਦੀ ਐੱਮਐੱਸਪੀ ਆਦਿ ਸ਼ਾਮਲ ਹਨ। ਏਆਈਸੀਸੀ ਦੇ ਮੁੱਖ ਤਰਜਮਾਨ ਪਵਨ ਖੇੜਾ ਤੇ ਪੀਸੀਸੀ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਮੈਨੀਫੈਸਟੋ ਇਥੇ ਪਾਰਟੀ ਦਫ਼ਤਰ ’ਚ ਜਾਰੀ ਕੀਤਾ। -ਪੀਟੀਆਈ