ਇੰਫਾਲ, 2 ਸਤੰਬਰ
ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਪਿੰਡ ’ਚ ਅਤਿਵਾਦੀਆਂ ਨੇ ਖਾਲੀ ਪੰਜ ਘਰਾਂ ਨੂੰ ਅੱਗ ਲਗਾ ਦਿੱਤੀ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸੇ ਦੌਰਾਨ ਸੂਬਾ ਸਰਕਾਰ ਨੇ ਪੁਲੀਸ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਨਾਲ ਲਗਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਬੀਤੇ ਦਿਨ ਅਤਿਵਾਦੀ ਹਮਲੇ ’ਚ ਦੋ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਸਨ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੰਘੀ ਦੁਪਹਿਰ ਤੋਂ ਹੀ ਅਤਿਵਾਦੀ ਉੱਚੇ ਪਹਾੜੀ ਇਲਾਕਿਆਂ ਤੋਂ ਹੇਠਲੇ ਇਲਾਕਿਆਂ ’ਚ ਲਗਾਤਾਰ ਗੋਲੀਬਾਰੀ ਕਰ ਰਹੇ ਸਨ ਤੇ ਕੋਤਰੁਕ ਪਿੰਡ ਦੇ ਬਾਹਰੀ ਇਲਾਕੇ ’ਚ ਪਹੁੰਚ ਗਏ ਸਨ। ਉਨ੍ਹਾਂ ਦੱਸਿਆ, ‘ਅਤਿਵਾਦੀਆਂ ਨੇ ਖਾਲੀ ਪਏ ਪੰਜ ਘਰਾਂ ਨੂੰ ਅੱਗ ਲਗਾ ਦਿੱਤੀ। ਲੰਘੀ ਦੁਪਹਿਰ ਢਾਈ ਵਜੇ ਸ਼ੁਰੂ ਹੋਈ ਗੋਲੀਬਾਰੀ ਤੇ ਬੰਬ ਦੇ ਹਮਲੇ ਮਗਰੋਂ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਸਨ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਖਦੇੜ ਦਿੱਤਾ ਸੀ।’ ਇਸੇ ਦੌਰਾਨ ਕਮਿਸ਼ਨਰ (ਗ੍ਰਹਿ) ਐੱਨ ਅਸ਼ੋਕ ਕੁਮਾਰ ਨੇ ਡੀਜੀਪੀ ਨੂੰ ਬੀਤੇ ਦਿਨ ਹੋਈ ਗੋਲੀਬਾਰੀ ਤੇ ਬੰਬ ਹਮਲੇ ’ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਦਮ ਚੁੱਕਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ’ਚ ਚੌਕਸੀ ਵਧਾਉਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ
ਭਾਜਪਾ ਵਿਧਾਇਕ ਵੱਲੋਂ ਸੂਬੇ ’ਚੋਂ ਕੇਂਦਰੀ ਬਲ ਹਟਾਉਣ ਦੀ ਅਪੀਲ
ਇੰਫਾਲ:
ਮਨੀਪੁਰ ਤੋਂ ਭਾਜਪਾ ਵਿਧਾਇਕ ਰਾਜਕੁਮਾਰ ਇਮੋ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਹਿੰਸਾ ਪ੍ਰਭਾਵਿਤ ਸੂਬੇ ’ਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕੇਂਦਰੀ ਬਲਾਂ ਨੂੰ ਹਟਾ ਕੇ ਸੂਬਾਈ ਸੁਰੱਖਿਆ ਕਰਮੀਆਂ ਨੂੰ ਜ਼ਿੰਮੇਵਾਰੀ ਸੰਭਾਲਣ ਦਿੱਤੀ ਜਾਵੇ। ਸ਼ਾਹ ਨੂੰ ਲਿਖੇ ਪੱਤਰ ’ਚ ਉਨ੍ਹਾਂ ਤਰਕ ਦਿੱਤਾ ਕਿ ਮਨੀਪੁਰ ’ਚ ਤਕਰੀਬਨ 60 ਹਜ਼ਾਰ ਕੇਂਦਰੀ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਸ਼ਾਂਤੀ ਬਹਾਲ ਨਹੀਂ ਹੋਈ। -ਪੀਟੀਆਈ