ਨਵੀਂ ਦਿੱਲੀ, 31 ਜੁਲਾਈ
ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਅੱਜ ਪਾਰਟੀ ਆਗੂਆਂ ਨੂੰ ਕਿਹਾ ਕਿ ਦੇਸ਼ ਵਿੱਚ ਮਾਹੌਲ ਪਾਰਟੀ ਦੇ ਪੱਖ ਵਿੱਚ ਹੈ ਪਰ ਜ਼ਿਆਦਾ ਆਤਮ-ਵਿਸ਼ਵਾਸ ਅਤੇ ਆਤਮ-ਸੰਤੁਸ਼ਟੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਨਿਘਾਰ ਆਉਣ ਦੇ ਬਾਵਜੂਦ ਮੋਦੀ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰ ਅਜੇ ਵੀ ਆਪਣੀਆਂ ‘ਫਿਰਕਿਆਂ ਨੂੰ ਵੰਡਣ ਅਤੇ ਡਰ ਤੇ ਦੁਸ਼ਮਣੀ ਦਾ ਵਾਤਾਵਰਨ ਫੈਲਾਉਣ’ ਸਬੰਧੀ ਨੀਤੀਆਂ ’ਤੇ ਕਾਇਮ ਹੈ। ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਹੋਈ ਸੀਪੀਪੀ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਇਕ ਮਤਾ ਪਾਸ ਕਰ ਕੇ ਸੋਨੀਆ ਗਾਂਧੀ ਨੂੰ ਸੀਪੀਪੀ ਦੇ ਹੋਰ ਅਹੁਦੇਦਾਰ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ।
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸਰਕਾਰਾਂ ਵੱਲੋਂ ਕਾਂਵੜ ਯਾਤਰਾ ਦੇ ਰੂਟ ’ਤੇ ਸਥਿਤ ਢਾਬਿਆਂ, ਹੋਟਲਾਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਨਾਮ ਪ੍ਰਦਰਸ਼ਿਤ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੇ ਸੰਦਰਭ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਨੇ ਕਿਹਾ, ‘‘ਖੁਸ਼ਕਿਸਮਤੀ ਨਾਲ ਸੁਪਰੀਮ ਕੋਰਟ ਨੇ ਸਹੀ ਸਮੇਂ ’ਤੇ ਮਾਮਲੇ ਵਿੱਚ ਦਖ਼ਲ ਦੇ ਦਿੱਤਾ ਪਰ ਇਹ ਆਰਜ਼ੀ ਰਾਹਤ ਹੋ ਸਕਦੀ ਹੈ। ਦੇਖੋ ਕਿਵੇਂ ਨੌਕਰਸ਼ਾਹਾਂ ਨੂੰ ਆਰਐੱਸਐੱਸ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਵਾਸਤੇ ਅਚਾਨਕ ਨੇਮਾਂ ’ਚ ਤਬਦੀਲੀ ਕੀਤੀ ਗਈ। ਆਰਐੱਸਐੱਸ ਆਪਣੇ ਆਪ ਨੂੰ ਇਕ ਸਭਿਆਚਾਰਕ ਸੰਸਥਾ ਦੱਸਦੀ ਹੈ ਪਰ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਭਾਜਪਾ ਦਾ ਸਿਆਸੀ ਤੇ ਵਿਚਾਰਧਾਰਕ ਆਧਾਰ ਹੈ।’’ ਚਾਰ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਸ੍ਰੀਮਤੀ ਗਾਂਧੀ ਨੇ ਪਾਰਟੀ ਆਗੂਆਂ ਨੂੰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਪੱਖ ਵਿੱਚ ਬਣੇ ਮਾਹੌਲ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਸਾਨੂੰ ਆਤਮ-ਸੰਤੁਸ਼ਟ ਅਤੇ ਜ਼ਿਆਦਾ ਆਤਮ-ਵਿਸ਼ਵਾਸੀ ਨਹੀਂ ਹੋਣਾ ਚਾਹੀਦਾ ਹੈ। ਮਾਹੌਲ ਸਾਡੇ ਪੱਖ ਵਿੱਚ ਹੈ ਪਰ ਸਾਨੂੰ ਇਕ ਮਕਸਦ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਮੈਂ ਇਹ ਕਹਿ ਸਕਦੀ ਹਾਂ ਕਿ ਲੋਕ ਸਭਾ ਚੋਣਾਂ ਵਾਂਗ ਜੇ ਅਸੀਂ ਅੱਗੇ ਵੀ ਵਧੀਆ ਪ੍ਰਦਰਸ਼ਨ ਕਰਦੇ ਹਾਂ ਤਾਂ ਕੌਮੀ ਸਿਆਸਤ ਵਿੱਚ ਬਦਲਾਅ ਆਵੇਗਾ।’’
ਕਾਂਗਰਸ ਦੀ ਸਾਬਕਾ ਪ੍ਰਧਾਨ ਦੀਆਂ ਇਹ ਟਿੱਪਣੀਆਂ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਵਿੱਚ ਅੱਗੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਇਸ ਸਾਲ ਜੰਮੂ ਕਸ਼ਮੀਰ ਵਿੱਚ ਵੀ ਚੋਣਾਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਆਈਆਂ ਹਨ। ਕੇਂਦਰੀ ਬਜਟ ਨੂੰ ਭੰਡਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਤੇ ਖ਼ਾਸ ਕਰ ਕੇ ਨੌਜਵਾਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਨੂੰ ਪ੍ਰਾਪਤੀ ਦੱਸ ਰਹੇ ਹਨ ਪਰ ਇਸ ਨੇ ਵੱਡੀ ਪੱਧਰ ’ਤੇ ਨਿਰਾਸ਼ ਕੀਤਾ ਹੈ।
ਸ੍ਰੀਮਤੀ ਗਾਂਧੀ ਨੇ ਵਾਇਨਾਡ ਵਿੱਚ ਕੁਦਰਤੀ ਕਰੋਪੀ ਤੋਂ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ‘‘ਤਬਾਹੀ ਦਾ ਮੰਜ਼ਰ ਹੈਰਾਨ ਕਰਨ ਵਾਲਾ ਹੈ। ਸੂਬੇ ਵਿੱਚ ਮੌਜੂਦ ਸਾਡੇ ਸਾਥੀ ਪੀੜਤਾਂ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਵੱਡੀ ਪੱਧਰ ’ਤੇ ਹੜ੍ਹ ਆਏ ਹਨ ਅਤੇ ਅਸੀਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਲੋਕ ਰੇਲ ਹਾਦਸਿਆਂ ਵਿੱਚ ਵੀ ਲਗਾਤਾਰ ਆਪਣੀਆਂ ਜਾਨਾਂ ਗੁਆ ਰਹੇ ਹਨ। ਇਹ ਹਾਦਸੇ ਮਾੜੇ ਪ੍ਰਬੰਧਨ ਕਾਰਨ ਹੋ ਰਹੇ ਹਨ।’’ -ਪੀਟੀਆਈ