ਨਵੀਂ ਦਿੱਲੀ, 28 ਅਗਸਤ
ਕੇਂਦਰ ਨੇ ਕੰਮ ਵਾਲੀਆਂ ਥਾਵਾਂ ’ਤੇ ਡਾਕਟਰਾਂ ਤੇ ਹੋਰ ਸਿਹਤ ਅਮਲੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਿਆਂ ਨੂੰ ਵੱਖ-ਵੱਖ ਕਦਮ ਉਠਾਉਣ ਲਈ ਕਿਹਾ ਹੈ, ਜਿਨ੍ਹਾਂ ਵਿੱਚ ਹਸਪਤਾਲ ਕੰਪਲੈਕਸਾਂ ’ਚ ਰਾਤ ਨੂੰ ਗਸ਼ਤ ਕਰਨ ਅਤੇ ਅਹਿਮ ਥਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਰੈਗੂਲੇਟ ਕਰਨਾ ਸ਼ਾਮਲ ਹੈ।
ਕੋਲਕਾਤਾ ਵਿੱਚ ਇਕ ਜੂਨੀਅਰ ਡਾਕਟਰ ਦੇ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਨੇ ਇਹ ਕਦਮ ਉਠਾਇਆ ਹੈ। ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਨਿਯੁਕਤ ਕੀਤੀ ਗਈ ਕੌਮੀ ਟਾਸਕ ਫੋਰਸ (ਐੱਨਟੀਐੱਫ) ਕੰਮ ਵਾਲੀਆਂ ਥਾਵਾਂ ’ਤੇ ਡਾਕਟਰਾਂ ਦੀ ਸੁਰੱਖਿਆ ਸਬੰਧੀ ਨਿਯਮ ਨਹੀਂ ਬਣਾਉਂਦੀ ਉਦੋਂ ਤੱਕ ਹਸਪਤਾਲਾਂ ’ਚ ਡਾਕਟਰਾਂ ਦੀ ਸੁਰੱਖਿਆ ਲਈ ਸੂਬਿਆਂ ਵੱਲੋਂ ਮੁੱਢਲੇ ਕਦਮ ਉਠਾਏ ਜਾਣ।
ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਐੱਨਟੀਐੱਫ ਵੱਲੋਂ ਆਪਣੀ ਪਹਿਲੀ ਮੀਟਿੰਗ ਮੰਗਲਵਾਰ ਨੂੰ ਕੀਤੀ ਗਈ। ਇਸ ਤੋਂ ਇਲਾਵਾ ਅੱਜ ਹੋਈ ਇਕ ਵਰਚੁਅਲ ਮੀਟਿੰਗ ਦੀ ਸਹਿ-ਪ੍ਰਧਾਨਗੀ ਕੇਂਦਰੀ ਗ੍ਰਹਿ ਤੇ ਸਿਹਤ ਮੰਤਰਾਲਿਆਂ ਦੇ ਸਕੱਤਰਾਂ ਨੇ ਕੀਤੀ, ਜਿਸ ਵਿੱਚ ਸੂਬਿਆਂ ਦੇ ਮੁੱਖ ਸਕੱਤਰ ਅਤੇ ਡੀਜੀਪੀ ਵੀ ਸ਼ਾਮਲ ਹੋਏ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ 26 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਤੇ ਪਹਿਲਾਂ ਹੀ ਸਿਹਤ ਅਮਲੇ ਦੀ ਸੁਰੱਖਿਆ ਸਬੰਧੀ ਕਾਨੂੰਨ ਹਨ। ਇਕ ਬਿਆਨ ਮੁਤਾਬਕ, ਕੇਂਦਰੀ ਸਿਹਤ ਸਕੱਤਰ ਅਪੂਰਵਾ ਚੰਦਰਾ ਅਤੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਹੋਰਨਾਂ ਸੂਬਿਆਂ ਨੂੰ ਵੀ ਅਜਿਹੇ ਕਾਨੂੰਨ ਲਾਗੂ ਕਰਨ ਦੀ ਅਪੀਲ ਕੀਤੀ ਹੈ।
23 ਅਗਸਤ ਨੂੰ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸੂਬਿਆਂ ਦੇ ਪੁਲੀਸ ਮੁਖੀਆਂ ਨੂੰ ਲਿਖੇ ਪੱਤਰ ਵਿੱਚ ਹਸਪਤਾਲਾਂ ’ਚ ਹਿੰਸਾ ਦੇ ਮਾਮਲਿਆਂ ਅਤੇ ਕੋਲਕਾਤਾ ਦੀ ਘਟਨਾ ਮਗਰੋਂ ਵਿਰੋਧ ਪ੍ਰਦਰਸ਼ਨਾਂ ਦੇ ਮੁੱਦੇ ’ਤੇ ਉਨ੍ਹਾਂ ਦਾ ਧਿਆਨ ਖਿੱਚਿਆ ਸੀ। ਸੂਬਿਆਂ ਦੇ ਅਧਿਕਾਰੀਆਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਤੇ ਕੇਂਦਰੀ ਸਿਹਤ ਸਕੱਤਰ ਅਪੂਰਵਾ ਚੰਦਰਾ ਨੇ ਸਿਹਤ ਅਮਲੇ ਦੀ ਸੁਰੱਖਿਆ ਲਈ ਸੂਬਿਆਂ ਦੇ ਕਾਨੂੰਨਾਂ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੇ ਨਾਲ-ਨਾਲ ਸਜ਼ਾਯੋਗ ਵੇਰਵਿਆਂ ਨੂੰ ਸਥਾਨਕ ਭਾਸ਼ਾ ਤੇ ਅੰਗਰੇਜ਼ੀ ਵਿੱਚ ਹਸਪਤਾਲ ਕੰਪਲੈਕਸਾਂ ’ਚ ਮੁੱਖ ਥਾਵਾਂ ’ਤੇ ਪ੍ਰਦਰਸ਼ਿਤ ਕਰਨ ਲਈ ਕਿਹਾ। ਉਨ੍ਹਾਂ ਹਸਪਤਾਲ ਸੁਰੱਖਿਆ ਕਮੇਟੀ ਅਤੇ ਹਿੰਸਾ ਰੋਕਥਾਮ ਕਮੇਟੀ ਦੇ ਗਠਨ ਦੀ ਅਪੀਲ ਵੀ ਕੀਤੀ, ਜਿਸ ਵਿੱਚ ਸੀਨੀਅਰ ਡਾਕਟਰ ਤੇ ਪ੍ਰਸ਼ਾਸਨਿਕ ਅਧਿਕਾਰੀ ਮੈਂਬਰ ਵਜੋਂ ਸ਼ਾਮਲ ਹੋਣ। ਰਾਤ ਦੀ ਡਿਊਟੀ ਦੌਰਾਨ ਹਸਪਤਾਲ ਦੇ ਵੱਖ-ਵੱਖ ਹਿੱਸਿਆਂ, ਹੋਸਟਲਾਂ ਦੀਆਂ ਇਮਾਰਤਾਂ ਅਤੇ ਹੋਰ ਖੇਤਰਾਂ ’ਚ ਰੈਜ਼ੀਡੈਂਟ ਡਾਕਟਰਾਂ ਤੇ ਨਰਸਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਪ੍ਰਬੰਧ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਵਿੱਚ ਹਸਪਤਾਲ ਦੇ ਸਾਰੇ ਖੇਤਰਾਂ ’ਚ ਉਚਿਤ ਰੋਸ਼ਨੀ ਯਕੀਨੀ ਬਣਾਉਣ, ਸੁੰਨਸਾਨ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਤੇ ਉਨ੍ਹਾਂ ਦਾ ਡੇਟਾ ਸੁਰੱਖਿਅਤ ਰੱਖਣ, ਹਸਪਤਾਲ ਕੰਪਲੈਕਸਾਂ ’ਚ ਨਿਯਮਤ ਗਸ਼ਤ ਕਰਨ, ਅਹਿਮ ਥਾਵਾਂ ਤੱਕ ਲੋਕਾਂ ਦੀ ਪਹੁੰਚ ਰੈਗੂਲੇਟ ਕਰਨ ਅਤੇ 24 ਘੰਟੇ ਕੰਮ ਕਰਨ ਵਾਲੇ ਸੁਰੱਖਿਆ ਕੰਟਰੋਲ ਰੂਮ ਤੇ ਨੇੜਲੇ ਪੁਲੀਸ ਥਾਣੇ ਨਾਲ ਸੰਪਰਕ ਹੋਣਾ ਚਾਹੀਦਾ ਹੈ। -ਪੀਟੀਆਈ