ਵਾਰਾਨਸੀ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਿਸ਼ਵ ਦੇ ਸਭ ਤੋਂ ਵੱਡੇ ਚਿੰਤਨ ਕੇਂਦਰ ‘ਸਵਰਵੇਦ ਮਹਾਮੰਦਰ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਨੇ ਗੁਲਾਮ ਮਾਨਸਿਕਤਾ ਤੋਂ ਆਜ਼ਾਦੀ ਦਾ ਐਲਾਨ ਕੀਤਾ ਹੈ ਅਤੇ ਉਹ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਮੋਦੀ ਨੇ ਕਿਹਾ, ‘‘ਗੁਲਾਮੀ ਦੇ ਦੌਰ ਵਿੱਚ ਭਾਰਤ ਨੂੰ ਕਮਜ਼ੋਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਅੱਤਿਆਚਾਰੀਆਂ ਨੇ ਸਭ ਤੋਂ ਪਹਿਲਾ ਸਾਡੇ ਸੱਭਿਆਚਾਰਕ ਚਿੰਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ। ਆਜ਼ਾਦੀ ਮਗਰੋਂ ਇਨ੍ਹਾਂ ਸੱਭਿਆਚਾਰਕ ਪ੍ਰਤੀਕਾਂ ਦਾ ਪੁਨਰ-ਨਿਰਮਾਣ ਜ਼ਰੂਰੀ ਸੀ।’’
ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ‘ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਹੋਇਆ ਅਤੇ ਇਹ ਪ੍ਰਕਿਰਿਆ ਦਹਾਕਿਆਂ ਤੱਕ ਜਾਰੀ ਰਹੀ। ਇਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਹੀਣ-ਭਾਵਨਾ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਵਿਰਾਸਤ ’ਤੇ ਮਾਣ ਕਰਨਾ ਭੁੱਲ ਗਿਆ।’
ਪ੍ਰਧਾਨ ਮੰਤਰੀ ਨੇ ਕਿਹਾ, ‘‘ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਅੱਜ ਸਮੇਂ ਦਾ ਪਹੀਆ ਇੱਕ ਵਾਰ ਫਿਰ ਘੁੰਮਿਆ ਹੈ। ਦੇਸ਼ ਹੁਣ ‘ਗੁਲਾਮ ਮਾਨਸਿਕਤਾ ਤੋਂ ਆਜ਼ਾਦੀ’ ਅਤੇ ਆਪਣੀ ‘ਵਿਰਾਸਤ ’ਤੇ ਮਾਣ’ ਦਾ ਐਲਾਨ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਜੋ ਕੰਮ ਸੋਮਨਾਥ ਤੋਂ ਸ਼ੁਰੂ ਹੋਇਆ ਸੀ ਉਹ ਹੁਣ ਇੱਕ ਮੁਹਿੰਮ ਬਣ ਗਿਆ ਹੈ। ਅੱਜ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦੀ ਮਹਾਨਤਾ ਭਾਰਤ ਦੀ ਅਵਿਨਾਸ਼ੀ ਮਹਿਮਾ ਦੀ ਗਾਥਾ ਗਾ ਰਹੀ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜੋ ਸਦੀਆਂ ਤੱਕ ਵਿਸ਼ਵ ਲਈ ਆਰਥਿਕ ਖੁਸ਼ਹਾਲੀ ਅਤੇ ਭੌਤਿਕ ਵਿਕਾਸ ਦੀ ਉਦਾਹਰਨ ਰਿਹਾ ਹੈ ਅਤੇ ਹੁਣ ਸਰਕਾਰ, ਸਮਾਜ ਅਤੇ ਸੰਤ ਕਾਸ਼ੀ ਦੀ ਕਾਇਆਕਲਪ ਲਈ ਮਿਲ ਕੇ ਕੰਮ ਕਰ ਰਹੇ ਹਨ। ਸਵਰਵੇਦ ਮਹਾਮੰਦਰ ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੇਂਦਰ ਦਾ ਦੌਰਾ ਕੀਤਾ, ਜਿੱਥੇ 20,000 ਲੋਕ ਇੱਕੋ ਸਮੇਂ ਯੋਗ ਕਰ ਸਕਦੇ ਹਨ। ਮੰਦਰ ਦੀ ਇਮਾਰਤ ਸੱਤ ਮੰਜ਼ਿਲਾ ਹੈ ਅਤੇ ਇਸ ਦੀਆਂ ਕੰਧਾਂ ’ਤੇ ਸਵਰਵੇਦ ਦੀਆਂ ਤੁਕਾਂ ਉਕਰੀਆਂ ਹੋਈਆਂ ਹਨ। -ਪੀਟੀਆਈ
ਤੀਜੀ ਪਾਰੀ ’ਚ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕ ਤਾਕਤ ਬਣਾਵਾਂਗੇ: ਮੋਦੀ
ਵਾਰਾਨਸੀ: ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੇਸ਼ ਨੂੰ ‘ਗਾਰੰਟੀ’ ਦਿੱਤੀ ਹੈ ਕਿ ਉਹ ਆਪਣੀ ਤੀਜੀ ਪਾਰੀ ਵਿੱਚ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕ ਤਾਕਤ ਬਣਾਉਣਗੇ। ਉਨ੍ਹਾਂ ਅੱਜ ਇੱਥੇ ਆਪਣੇ ਸੰਸਦੀ ਹਲਕੇ ਦੇ ਦੌਰੇ ਦੇ ਦੂਜੇ ਦਿਨ ਸੇਵਾਪੁਰੀ ਵਿਕਾਸਖੰਡ ਦੇ ਬਰਕੀ ਪਿੰਡ ਵਿੱਚ ਵਾਰਾਨਸੀ ਅਤੇ ਨੇੜੇ ਖੇਤਰਾਂ ਦੇ ਵਿਕਾਸ ਲਈ ਕਰੀਬ 19,150 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਇੱਕ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ, ‘‘ਵਿਕਾਸ ਦੀ ਅੰਮ੍ਰਿਤ ਧਾਰਾ ਜੋ ਕਾਸ਼ੀ ਵਿੱਚ ਵਹਿ ਰਹੀ ਹੈ, ਉਹ ਪੂਰੇ ਦੇਸ਼ ਨੂੰ ਨਵੀਂ ਉਚਾਈ ’ਤੇ ਲੈ ਜਾਵੇਗੀ।’’ ਉਨ੍ਹਾਂ ਕਿਹਾ, ‘‘ਹੁਣ ਤੋਂ ਕੁੱਝ ਮਹੀਨਿਆਂ ਮਗਰੋਂ ਹੀ ਦੇਸ਼ ਵਿੱਚ ਚੋਣਾਂ ਹਨ ਅਤੇ ਮੋਦੀ ਨੇ ਦੇਸ਼ ਨੂੰ ਗਾਰੰਟੀ ਦਿੱਤੀ ਹੈ ਕਿ ਉਹ ਆਪਣੀ ਤੀਜੀ ਪਾਰੀ ਵਿੱਚ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕ ਤਾਕਤ ਬਣਾਉਣਗੇ।’’ ਪ੍ਰਧਾਨ ਮੰਤਰੀ ਨੇ ਵਾਰਾਨਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ, ਦੋਹਰੀਘਾਟ-ਮਊ ਰੇਲਗੱਡੀ ਸਣੇ ਕਈ ਹੋਰ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਵਾਰਾਨਸੀ ਦੀ ਸੈਰ-ਸਪਾਟਾ ਵੈੱਬਸਾਈਟ ‘ਕਾਸ਼ੀ’ ਦੀ ਵੀ ਸ਼ੁਰੂਆਤ ਕੀਤੀ। ਮੋਦੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਭੋਜਪੁਰੀ ਨਾਲ ਕੀਤੀ ਅਤੇ ਪੂਰੇ ਭਾਸ਼ਨ ਦੌਰਾਨ ਵਿੱਚ-ਵਿੱਚ ਭੋਜਪੁਰੀ ਬੋਲਦੇ ਰਹੇ। ਉਨ੍ਹਾਂ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਵੀ ਕੀਤੀ। -ਪੀਟੀਆਈ