ਨਵੀਂ ਦਿੱਲੀ, 17 ਅਗਸਤ
ਵਕਫ਼ (ਸੋਧ) ਬਿੱਲ ’ਤੇ ਸੰਸਦ ਦੀ ਸਾਂਝੀ ਕਮੇਟੀ ਦੇ ਮੈਂਬਰ ਘੱਟਗਿਣਤੀ ਮਾਮਲਿਆਂ ਦੇ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨਾਲ ਵੀਰਵਾਰ ਨੂੰ ਆਪਣੀ ਪਹਿਲੀ ਬੈਠਕ ਕਰਨਗੇ। ਭਾਜਪਾ ਮੈਂਬਰ ਜਗਦੰਬਿਕਾ ਪਾਲ ਦੀ ਅਗਵਾਈ ਵਾਲੀ 31 ਮੈਂਬਰੀ ਕਮੇਟੀ ਨੂੰ ਲੋਕ ਸਭਾ ਨੇ ਵਿਵਾਦਤ ਬਿੱਲ ਦੀ ਪੜਤਾਲ ਕਰਨ ਦਾ ਕੰਮ ਸੌਂਪਿਆ ਹੈ। ਇਸ ਬਿੱਲ ਦਾ ਵਿਰੋਧੀ ਪਾਰਟੀਆਂ ਅਤੇ ਮੁਸਲਿਮ ਸੰਗਠਨਾਂ ਨੇ ਵਿਰੋਧ ਕੀਤਾ ਹੈ। ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਤੀਨਿਧਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਮੇਟੀ ਨੂੰ ‘ਬਿੱਲ ਉੱਤੇ ਪ੍ਰਸਤਾਵਿਤ ਸੋਧਾਂ’ ਬਾਰੇ ਜਾਣਕਾਰੀ ਦੇਣਗੇ। -ਪੀਟੀਆਈ