ਨਵੀਂ ਦਿੱਲੀ, 1 ਨਵੰਬਰ
ਦੇਸ਼ ’ਚ ਅਕਤੂਬਰ ਦਾ ਮਹੀਨਾ 1901 ਤੋਂ ਬਾਅਦ ਐਤਕੀਂ ਸਭ ਤੋਂ ਵਧ ਗਰਮ ਰਿਹਾ। ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਮਹੀਨੇ ਔਸਤ ਤਾਪਮਾਨ ਆਮ ਨਾਲੋਂ 1.23 ਡਿਗਰੀ ਸੈਲਸੀਅਸ ਵਧ ਦਰਜ ਕੀਤਾ ਗਿਆ ਹੈ। ਵਿਭਾਗ ਨੇ ਨਵੰਬਰ ਦਾ ਮਹੀਨਾ ਵੀ ਗਰਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਠੰਢ ਆਉਣ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮੋਹਪਾਤਰਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਰਮ ਮੌਸਮ ਦਾ ਕਾਰਨ ਪੱਛਮੀ ਗੜਬੜੀ ਦਾ ਮਾਹੌਲ ਨਾ ਬਣਨ ਅਤੇ ਬੰਗਾਲ ਦੀ ਖਾੜੀ ’ਚ ਸਰਗਰਮ ਘੱਟ ਦਬਾਅ ਪ੍ਰਣਾਲੀਆਂ ਕਾਰਨ ਪੂਰਬੀ ਹਵਾਵਾਂ ਦਾ ਪ੍ਰਵਾਹ ਦੱਸਿਆ ਹੈ। ਮੋਹਪਾਤਰਾ ਨੇ ਕਿਹਾ ਕਿ ਅਕਤੂਬਰ ’ਚ ਔਸਤ ਤਾਪਮਾਨ 25.69 ਡਿਗਰੀ ਸੈਲਸੀਅਸ ਦੇ ਮੁਕਾਬਲੇ ’ਚ 26.92 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 1901 ਤੋਂ ਬਾਅਦ ਸਭ ਤੋਂ ਗਰਮ ਰਿਹਾ। ਪੂਰੇ ਦੇਸ਼ ਲਈ ਘੱਟੋ ਘੱਟ ਤਾਪਮਾਨ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੋਹਪਾਤਰਾ ਨੇ ਕਿਹਾ, ‘‘ਉੱਤਰ-ਪੱਛਮੀ ਭਾਰਤ ’ਚ ਤਾਪਮਾਨ ਘੱਟ ਕਰਨ ਲਈ ਉੱਤਰ-ਪੱਛਮੀ ਹਵਾਵਾਂ ਦੀ ਲੋੜ ਹੁੰਦੀ ਹੈ। ਮੌਨਸੂਨੀ ਪ੍ਰਵਾਹ ਹੋਣ ਕਾਰਨ ਵੀ ਤਾਪਮਾਨ ’ਚ ਗਿਰਾਵਟ ਦਰਜ ਨਹੀਂ ਹੋ ਰਹੀ ਹੈ।’’ -ਪੀਟੀਆਈ