ਨਵੀਂ ਦਿੱਲੀ:
ਸੰਸਦ ਦੀ ਸਥਾਈ ਕਮੇਟੀ ਪੁਰਸ਼ਾਂ ਤੇ ਮਹਿਲਾਵਾਂ ਲਈ ਵਿਆਹ ਦੀ ਉਮਰ ਦੇ ਮੁੱਦੇ ’ਤੇ ਅਗਲੇ ਹਫ਼ਤੇ ਵਿਚਾਰ ਕਰੇਗੀ। ਇਸ ਸਬੰਧ ਵਿੱਚ ਇਕਸਾਰਤਾ ਲਿਆਉਣ ਲਈ ਲਿਆਂਦੇ ਬਿੱਲ ਦੀ ਮਿਆਦ 17ਵੀਂ ਲੋਕ ਸਭਾ ਭੰਗ ਹੋਣ ਦੇ ਨਾਲ ਹੀ ਖ਼ਤਮ ਹੋ ਜਾਵੇਗੀ। ਬਾਲ ਵਿਆਹ ’ਤੇ ਪਾਬੰਦੀ (ਸੋਧ) ਬਿੱਲ, 2021 ਦਾ ਉਦੇਸ਼ ਬਾਲ ਵਿਆਹ ’ਤੇ ਪਾਬੰਦੀ ਬਿੱਲ, 2006 ਵਿੱਚ ਸੋਧ ਕਰ ਕੇ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਨੂੰ ਵਧਾ ਕੇ 21 ਸਾਲ ਕਰਨਾ ਹੈ। ਮੀਟਿੰਗ ਦੇ ਏਜੰਡੇ ਮੁਤਾਬਕ, ਕਾਂਗਰਸੀ ਸੰਸਦ ਮੈਂਬਰ ਦਿਗਵਿਜੈ ਸਿੰਘ ਦੀ ਪ੍ਰਧਾਨਗੀ ਵਾਲੀ ਸਿੱਖਿਆ, ਮਹਿਲਾ, ਬੱਚੇ, ਨੌਜਵਾਨ ਤੇ ਖੇਡ ਸਬੰਧੀ ਸੰਸਦੀ ਸਥਾਈ ਕਮੇਟੀ ਵੱਖ-ਵੱਖ ਵਿਧਾਨਕ ਤੇ ਖ਼ੁਦਮੁਖ਼ਤਿਆਰ ਸੰਸਥਾਵਾਂ ਦੇ ਕੰਮਕਾਜ ’ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਦਾ ਪੱਖ ਸੁਣੇਗੀ। ਇਹ ਸੰਸਥਾਵਾਂ 22 ਨਵੰਬਰ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਣਗੀਆਂ। -ਪੀਟੀਆਈ