ਲਖਨਊ/ਉਨਾਓ, 23 ਸਤੰਬਰ
ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਦੱਸਿਆ ਕਿ ਉਨਾਓ ਜ਼ਿਲ੍ਹੇ ਦੇ ਸੁਲਤਾਨਪੁਰ ਵਿਚਲੀ ਸੁਨਿਆਰੇ ਦੀ ਦੁਕਾਨ ’ਤੇ ਹੋਈ ਡਕੈਤੀ ਦੇ ਮਾਮਲੇ ’ਚ ਦੂਜਾ ਮੁਲਜ਼ਮ ਵੀ ਮੁਕਾਬਲੇ ਵਿੱਚ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਨੁਜ ਪ੍ਰਤਾਪ ਸਿੰਘ ਅਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਲਖਨਊ ਇਕਾਈ ਵਿਚਾਲੇ ਅੱਜ ਤੜਕੇ 4 ਵਜੇ ਅਚਲਗੰਜ ਇਲਾਕੇ ’ਚ ਮੁਕਾਬਲਾ ਹੋਇਆ, ਜਿਸ ਵਿੱਚ ਦੌਰਾਨ ਅਨੁਜ ਪ੍ਰਤਾਪ ਸਿੰਘ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਨਾਓ ਦੇ ਪੁਲੀਸ ਸੁਪਰਡੈਂਟ ਦੀਪਕ ਭੁੱਕਰ ਨੇ ਕਿਹਾ ਦੱਸਿਆ ਕਿ ਮੌਕੇ ਤੋਂ ਦੋ ਪਿਸਤੌਲ, ਅਸਲਾ ਅਤੇ ਚਾਂਦੀ ਦੇ ਗਹਿਣਿਆਂ ਵਾਲਾ ਬੈਗ ਬਰਾਮਦ ਕੀਤਾ ਗਿਆ ਹੈ। ਮੁਕਾਬਲੇ ਵਾਲੀ ਥਾਂ ਤੋਂ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਉਸ ਉਪਰ ਪੁਲੀਸ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
28 ਅਗਸਤ ਨੂੰ ਸੁਲਤਾਨਪੁਰ ਸ਼ਹਿਰ ਦੇ ਥਾਥੇੜੀ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਤੋਂ ਕਰੀਬ ਡੇਢ ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਸਨ। ਐੱਸਟੀਐੱਫ ਨੇ 5 ਸਤੰਬਰ ਨੂੰ ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਮੰਗੇਸ਼ ਯਾਦਵ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਿਸ ਮਗਰੋਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ। ਸਮਾਜਵਾਦੀ ਪਾਰਟੀ (ਐੱਸਪੀ) ਅਤੇ ਕਾਂਗਰਸ ਨੇ ਇਸ ਮੁਕਾਬਲੇ ਨੂੰ ‘ਫਰਜ਼ੀ’ ਕਰਾਰ ਦਿੱਤਾ ਸੀ ਹਾਲਾਂਕਿ ਸੂਬਾ ਪੁਲੀਸ ਨੇ ਅਜਿਹੇ ਸਾਰੇ ਦੋਸ਼ ਰੱਦ ਕਰ ਦਿੱਤੇ ਸਨ। ਏਡੀਜੀਪੀ (ਐੱਸਟੀਐੱਫ ਅਤੇ ਕਾਨੂੰਨ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ, ‘ਲਖਨਊ ਦੀ ਐੱਸਟੀਐਫ ਟੀਮ ਦਾ ਉਨਾਓ ਦੇ ਅਚਲਗੰਜ ਥਾਣੇ ਅਧੀਨ ਪੈਂਦੇ ਇਲਾਕੇ ਸੁਲਤਾਨਪੁਰ ਵਿੱਚ ਸੁਨਿਆਰੇ ਦੀ ਦੁਕਾਨ ’ਤੇ ਹੋਈ ਡਕੈਤੀ ਦੇ ਮਾਮਲੇ ਵਿੱਚ ਵਿੱਚ ਸ਼ਾਮਲ ਕੁਝ ਮੁਲਜ਼ਮਾਂ ਨਾਲ ਅੱਜ ਸਵੇਰੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਮੁਲਜ਼ਮ ਮਾਰਿਆ ਗਿਆ, ਜਦਕਿ ਦੂਜਾ ਫ਼ਰਾਰ ਹੋ ਗਿਆ।’ -ਪੀਟੀਆਈ