ਨਵੀਂ ਦਿੱਲੀ/ਕੋਲਕਾਤਾ, 6 ਸਤੰਬਰ
ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਉਹ ਪਟੀਸ਼ਨ ਅੱਜ ਖਾਰਜ ਕਰ ਦਿੱਤੀ, ਜਿਸ ਵਿੱਚ ਉਸ ਨੇ ਕਲਕੱਤਾ ਹਾਈ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ। ਕਲਕੱਤਾ ਹਾਈ ਕੋਰਟ ਨੇ ਘੋਸ਼ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਵਿੱਚ ਉਸ ਨੇ ਆਪਣੇ ਕਾਰਜਕਾਲ ਦੌਰਾਨ ਸੰਸਥਾ ’ਚ ਵਿੱਤੀ ਬੇਨੇਮੀਆਂ ਦਾ ਦੋਸ਼ ਲਾਉਣ ਵਾਲੀ ਇੱਕ ਹੋਰ ਪਟੀਸ਼ਨ ਦੇ ਮਾਮਲੇ ’ਚ ਖੁਦ ਨੂੰ ਧਿਰ ਬਣਾਏ ਜਾਣ ਦੀ ਮੰਗ ਕੀਤੀ ਸੀ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਇੱਕ ਮੁਲਜ਼ਮ ਵਜੋਂ ਘੋਸ਼ ਇਸ ਪਟੀਸ਼ਨ ’ਚ ਧਿਰ ਬਣਾਏ ਜਾਣ ਦੇ ਪਾਤਰ ਨਹੀਂ ਹਨ।
ਇਸੇ ਦੌਰਾਨ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਇਨਸਾਫ਼ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਦਿਆਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਅੱਜ ਇੱਕ ਘੰਟੇ ਲਈ ਚੱਕਾ ਜਾਮ ਕੀਤਾ। ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਨੇ ਵੱਖ ਵੱਖ ਥਾਵਾਂ ’ਤੇ ਟਾਇਰ ਸਾੜੇ ਅਤੇ ਮੁੱਖ ਮੰਤਰੀ ਬੈਨਰਜੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗ੍ਰਹਿ ਤੇ ਸਿਹਤ ਵਿਭਾਗ ਦਾ ਚਾਰਜ ਮਮਤਾ ਬੈਨਰਜੀ ਕੋਲ ਹੈ। ਕੋਲਕਾਤਾ ’ਚ ਮੁਜ਼ਾਹਰਾਕਾਰੀਆਂ ਨੇ ਸ਼ਿਆਮ ਬਾਜ਼ਾਰ, ਲੇਕ ਟਾਊਨ, ਵੀਆਈਪੀ ਰੋਡ, ਸਾਲਟ ਲੇਕ, ਕਰੁਣਾਮਈ, ਬੇਹਾਲਾ ਤੇ ਰਾਜਪੁਰ ’ਚ ਬਾਅਦ ਦੁਪਹਿਰ ਇੱਕ ਤੋਂ ਦੋ ਵਜੇ ਵਿਚਾਲੇ ਚੱਕਾ ਜਾਮ ਕੀਤਾ। ਬੀਰਭੂਮ, ਪੱਛਮੀ ਵਰਧਮਾਨ ਤੇ ਪੱਛਮੀ ਮੇਦਿਨੀਪੁਰ ਜ਼ਿਲ੍ਹਿਆਂ ’ਚ ਵੀ ਅਜਿਹੇ ਰੋਸ ਮੁਜ਼ਾਹਰੇ ਕੀਤੇ ਗਏ, ਜਿਸ ਨਾਲ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਮੁਖੀ ਸੁਕਾਂਤ ਮਜੂਮਦਾਰ ਦੇ ਸੱਦੇ ’ਤੇ ਹੋ ਰਹੇ ਰੋਸ ਮੁਜ਼ਾਹਰਿਆਂ ਤਹਿਤ ਪਾਰਟੀ ਨੇ ਅੱਜ ਚੱਕਾ ਜਾਮ ਕੀਤਾ। -ਪੀਟੀਆਈ
ਈਡੀ ਨੇ ਸੰਦੀਪ ਘੋਸ਼ ਦੇ ਕਰੀਬੀ ਪ੍ਰਸੂਨ ਚਟੋਪਾਧਿਆਏ ਨੂੰ ਹਿਰਾਸਤ ’ਚ ਲਿਆ
ਕੋਲਕਾਤਾ:
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ’ਚ ਡੇਟਾ ਐਂਟਰੀ ਅਪਰੇਟਰ ਤੇ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਮੰਨੇ ਜਾ ਰਹੇ ਪ੍ਰਸੂਨ ਚਟੋਪਾਧਿਆਏ ਨੂੰ ਹਸਪਤਾਲ ’ਚ ਹੋਈਆਂ ਕਥਿਤ ਬੇਨੇਮੀਆਂ ਦੇ ਸਿਲਸਿਲੇ ’ਚ ਅੱਜ ਹਿਰਾਸਤ ’ਚ ਲਿਆ ਹੈ। ਈਡੀ ਅਧਿਕਾਰੀਆਂ ਨੂੰ ਦੁਪਹਿਰ ਤਕਰੀਬਨ ਦੋ ਵਜੇ ਚਟੋਪਾਧਿਆਏ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੁਭਾਸ਼ਗ੍ਰਾਮ ਸਥਿਤ ਉਸ ਦੀ ਰਿਹਾਇਸ਼ ਤੋਂ ਬਾਹਰ ਲਿਆਂਦੇ ਹੋਏ ਦੇਖਿਆ ਗਿਆ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਦੇ ਘਰ ’ਤੇ ਸੱਤ ਘੰਟੇ ਤੋਂ ਵੀ ਵੱਧ ਸਮਾਂ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਚਟੋਪਾਧਿਆਏ ਨੂੰ ਜ਼ਿਲ੍ਹੇ ਦੇ ਕੈਨਿੰਗ ਖੇਤਰ ਦੇ ਮੱਧ ਨਾਰਾਇਣਪੁਰ ਲਿਜਾਇਆ ਗਿਆ ਜਿੱਥੇ ਘੋਸ਼ ਨੇ ਕਥਿਤ ਤੌਰ ’ਤੇ ਤਿੰਨ ਸਾਲ ਪਹਿਲਾਂ ਦੋ ਵਿਘੇ ਜ਼ਮੀਨ ’ਤੇ ਕਰੋੜ ਰੁਪਏ ਦਾ ਫਾਰਮ ਹਾਊਸ ਬੰਗਲਾ ਬਣਵਾਇਆ ਸੀ। -ਪੀਟੀਆਈ