ਨਵੀਂ ਦਿੱਲੀ, 12 ਸਤੰਬਰ
ਸੁਪਰੀਮ ਕੋਰਟ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਗਣਪਤੀ ਤਿਉਹਾਰ ਮੌਕੇ ਮੂਰਤੀ ਦੇ ਵਿਸਰਜਨ ਸਣੇ ‘ਢੋਲ-ਤਾਸ਼ਾ’ ਸਮੂਹਾਂ ਵਿਚ 30 ਵਿਅਕਤੀਆਂ ਦੇ ਹੀ ਸ਼ਾਮਲ ਹੋਣ ਦੀ ਲਾਈ ਪਾਬੰਦੀ ’ਤੇ ਰੋਕ ਲਾ ਦਿੱਤੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪੁਣੇ ਅਧਾਰਿਤ ‘ਢੋਲ-ਤਾਸ਼ਾ’ ਸਮੂਹਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੂਬਾਈ ਅਥਾਰਿਟੀਜ਼ ਨੂੰ ਨੋਟਿਸ ਜਾਰੀ ਕੀਤਾ ਹੈ।
ਸੰਖੇਪ ਸੁਣਵਾਈ ਦੌਰਾਨ ਵਕੀਲ ਅਮਿਤ ਪਾਈ ਨੇ ਕਿਹਾ ਕਿ ਪੁਣੇ ’ਚ ਪਿਛਲੇ ਸੈਂਕੜੇ ਸਾਲਾਂ ਤੋਂ ‘ਢੋਲ-ਤਾਸ਼ਾ’ ਦੀ ਬਹੁਤ ‘ਡੂੰਘੀ ਸਭਿਆਚਾਰਕ ਮਹੱਤਤਾ’ ਹੈ ਤੇ ਇਸ ਦੀ ਸ਼ੁਰੂਆਤ ਲੋਕਮਾਨਿਆ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ। ਬੈਂਚ ਨੇ ਕਿਹਾ, ‘ਨੋਟਿਸ ਜਾਰੀ ਕੀਤਾ ਜਾਂਦਾ ਹੈ…ਅਗਲੀ ਸੁਣਵਾਈ ਤੱਕ ਹੁਕਮ ਨੰਬਰ 4 (ਢੋਲ-ਤਾਸ਼ਾ ਸਮੂਹਾਂ ਵਿਚ ਵਿਅਕਤੀਆਂ ਦੀ ਗਿਣਤੀ ਨੂੰ ਲੈ ਕੇ) ਉੱਤੇ ਰੋਕ ਰਹੇਗੀ। ਉਨ੍ਹਾਂ ਨੂੰ ‘ਢੋਲ ਤਾਸ਼ਾ’ ਵਜਾਉਣ ਦੇਈਏ। ਇਹ ਪੁਣੇ ਦਾ ਦਿਲ ਹੈ।’’ -ਪੀਟੀਆਈ