ਨਵੀਂ ਦਿੱਲੀ, 22 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ 24 ਅਕਤੂਬਰ ਨੂੰ ਸੀਨੀਅਰ ਆਗੂ ਸ਼ਰਦ ਪਵਾਰ ਦੀ ਅਗਵਾਈ ਹੇਠਲੇ ਧੜੇ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਹੇਠਲੇ ਐੱਨਸੀਪੀ ਦੇ ਧੜੇ ਵੱਲੋਂ ‘ਘੜੀ’ ਚਿੰਨ੍ਹ ਦੀ ਵਰਤੋਂ ਦਾ ਮੁੱਦਾ ਚੁੱਕਿਆ ਗਿਆ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਉੱਜਲ ਭੁਯਾਨ ਦੇ ਬੈਂਚ ਸਾਹਮਣੇ ਅਰਜ਼ੀ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦੀ ਮੰਗ ਕੀਤੀ ਗਈ। ਸ਼ਰਦ ਪਵਾਰ ਧੜੇ ਵੱਲੋਂ ਪੇਸ਼ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਮਾਮਲਾ ਅੱਜ (22 ਅਕਤੂਬਰ) ਨੂੰ ਸੂਚੀਬੱਧ ਹੋਣਾ ਸੀ ਪਰ ਕੇਸਾਂ ਦੀ ਸੂਚੀ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਤਰਕ ਦਿੱਤਾ ਕਿ ਪਟੀਸ਼ਨ ’ਚ ਮੰਗ ਕੀਤੀ ਗਿਆ ਹੈ ਕਿ ਦੋਵੇਂ ਧੜਿਆਂ ਨੂੰ ‘ਘੜੀ’ ਚਿੰਨ੍ਹ ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਜਾਵੇ। -ਪੀਟੀਆਈ