ਲਖਨਊ, 2 ਅਕਤੂਬਰ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਹੈ ਕਿ ਉਸ ਵੱਲੋਂ ਆਈਆਈਟੀ ਧਨਬਾਦ ਵਿੱਚ ਦਾਖ਼ਲਾ ਲੈਣ ਵਾਲੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਦਲਿਤ ਵਿਦਿਆਰਥੀ ਅਤੁਲ ਕੁਮਾਰ ਦੀ ਮਦਦ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਵਿਦਿਆਰਥੀ ਦੀ ਸਾਰੀ ਫੀਸ ਸਮਾਜ ਭਲਾਈ ਵਿਭਾਗ ਵੱਲੋਂ ਵਜ਼ੀਫੇ ਰਾਹੀਂ ਭਰੀ ਜਾਵੇਗੀ।ਇੱਥੇ ਅੱਜ ਇਕ ਸਰਕਾਰੀ ਬਿਆਨ ਰਾਹੀਂ ਦੱਸਿਆ ਗਿਆ ਹੈ, ‘ਸੂਬੇ ਦੀ ਵਜ਼ੀਫਾ ਯੋਜਨਾ ਤਹਿਤ, ਸਮਾਜ ਭਲਾਈ ਵਿਭਾਗ ਵੱਲੋਂ ਵਜ਼ੀਫਾ ਯੋਜਨਾ ਰਾਹੀਂ ਆਈਆਈਟੀ ਦੀ ਸਾਰੀ ਫੀਸ ਭਰੀ ਜਾਵੇਗੀ ਤਾਂ ਜੋ ਅਤੁਲ ਦੀ ਪੜ੍ਹਾਈ ਯਕੀਨੀ ਬਣਾਈ ਜਾ ਸਕੇ।’ ਅਤੁਲ ਕੁਮਾਰ ਦਿਹਾੜੀਦਾਰ ਮਜ਼ਦੂਰ ਰਾਜੇਂਦਰ ਕੁਮਾਰ ਦਾ ਪੁੱਤਰ ਹੈ ਜੋ ਫੀਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਆਈਆਈਟੀ ਧਨਬਾਦ ਵਿੱਚ ਦਾਖ਼ਲਾ ਨਹੀਂ ਲੈ ਸਕਿਆ ਸੀ. ਅਤੁਲ ਕੁਮਾਰ ਨੇ ਦੱਸਿਆ ਕਿ ਉਸ ਨੇ ਕਾਫੀ ਮੁਸ਼ਕਿਲ ਮੰਨੀ ਜਾਂਦੀ ਆਈਆਈਟੀ ਪ੍ਰੀਖਿਆ ਦੀ ਤਿਆਰੀ ਦੌਰਾਨ ਦਿਨ ਵਿੱਚ 18-18 ਘੰਟੇ ਪੜ੍ਹਾਈ ਕੀਤੀ। ਉਹ ਸਿਰਫ਼ ਖਾਣ ਤੇ ਸੌਂਣ ਲਈ ਬਰੇਕ ਲੈਂਦਾ ਸੀ। -ਪੀਟੀਆਈ