ਨਵੀਂ ਦਿੱਲੀ/ਜੋਧਪੁਰ, 9 ਸਤੰਬਰ
ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ ਉਪ ਮੁਖੀ ਅੱਜ ਜੋਧਪੁਰ ਵਿੱਚ ਫੌਜੀ ਮਸ਼ਕਾਂ ਦੌਰਾਨ ਪਹਿਲੀ ਵਾਰ ਦੇਸ਼ ਵਿੱਚ ਬਣੇ ਹਲਕੇ ਲੜਾਕੂ ਜਹਾਜ਼ (ਐੱਲਏਸੀ) ਤੇਜਸ ਵਿੱਚ ਸਵਾਰ ਹੋਏ। ਜੋਧਪੁਰ ਏਅਰ ਫੋਰਸ ਸਟੇਸ਼ਨ 29 ਅਗਸਤ ਤੋਂ 15 ਸਤੰਬਰ ਤੱਕ ਬਹੁ-ਪੱਖੀ ਅਭਿਆਸ ‘ਤਰੰਗ ਸ਼ਕਤੀ’ ਦੇ ਦੂਜੇ ਪੜਾਅ ਦੀ ਮੇਜ਼ਬਾਨੀ ਕਰ ਰਿਹਾ ਹੈ।
ਹਵਾਈ ਫੌਜ ਦੇ ਉਪ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ, ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅਤੇ ਥਲ ਸੈਨਾ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਐੱਨ ਐੱਸ ਰਾਜਾ ਸੁਬਰਾਮਣੀ ਜੋਧਪੁਰ ਏਅਰਫੋਰਸ ਸਟੇਸ਼ਨ ਪਹੁੰਚੇ ਅਤੇ ਉਡਾਣ ਲਈ ਤੇਜਸ ਲੜਾਕੂ ਜਹਾਜ਼ ਵਿੱਚ ਸਵਾਰ ਹੋਏ। ਇਸ ਦੌਰਾਨ ਏਅਰ ਮਾਰਸ਼ਲ ਏ ਪੀ ਸਿੰਘ ਨੇ ਸਿੰਗਲ-ਸੀਟ ਐੱਲਸੀਏ ਤੇਜਸ ਲੜਾਕੂ ਜਹਾਜ਼ ਉਡਾਇਆ, ਜਦੋਂਕਿ ਜਲ ਸੈਨਾ ਅਤੇ ਥਲ ਸੈਨਾ ਦੇ ਉਪ ਮੁਖੀਆਂ ਨੇ ਦੋ ਸੀਟਾਂ ਵਾਲੇ ਲੜਾਕੂ ਜਹਾਜ਼ ਵਿੱਚ ਉਡਾਣ ਭਰੀ।
ਭਾਰਤ ਸਮੇਤ ਅੱਠ ਦੇਸ਼ਾਂ ਦੀਆਂ ਹਵਾਈ ਫੌਜਾਂ ਆਪੋ-ਆਪਣੇ ਜਹਾਜ਼ਾਂ ਨਾਲ ਇਨ੍ਹਾਂ ਮਸ਼ਕਾਂ ਵਿੱਚ ਹਿੱਸਾ ਲੈ ਰਹੀਆਂ ਹਨ ਅਤੇ 16 ਹੋਰ ਦੇਸ਼ ਨਿਗਰਾਨ ਦੇਸ਼ਾਂ ਵਜੋਂ ਦੇਖਣ ਲਈ ਸ਼ਾਮਲ ਹੋਏ ਹਨ। ਰੱਖਿਆ ਬੁਲਾਰੇ ਕਰਨਲ ਅਮਿਤਾਭ ਸ਼ਰਮਾ ਮੁਤਾਬਕ, ਇਨ੍ਹਾਂ ਮਸ਼ਕਾਂ ਦਾ ਉਦੇਸ਼ ਇਸ ਵਿੱਚ ਹਿੱਸਾ ਲੈਣ ਵਾਲੀਆਂ ਫੌਜਾਂ ਦਰਮਿਆਨ ਅੰਤਰ-ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨਾ ਹੈ। ਇਹ ਅਭਿਆਸ ਭਾਰਤੀ ਹਵਾਈ ਫੌਜ ਵੱਲੋਂ ਕਰਵਾਇਆ ਜਾ ਰਿਹਾ ਸਭ ਤੋਂ ਵੱਡਾ ਬਹੁ-ਕੌਮੀ ਅਭਿਆਸ ਹੈ। ਇਸ ਤੋਂ ਇਲਾਵਾ 12 ਤੋਂ 14 ਸਤੰਬਰ ਤੱਕ ਇੱਕ ਰੱਖਿਆ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਇਸ ਵਿੱਚ ਭਾਰਤ ਵੱਲੋਂ ਆਪਣੇ ਦੇਸ਼ ਵਿੱਚ ਤਿਆਰ ਹਥਿਆਰਾਂ ਤੇ ਹਵਾਈ ਜਹਾਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦਾ ਮਕਸਦ ਮਿੱਤਰ ਦੇਸ਼ਾਂ ਵਿੱਚ ਭਾਰਤ ਵਿੱਚ ਬਣੇ ਸਾਜ਼ੋ-ਸਾਮਾਨ ਨੂੰ ਹੁਲਾਰਾ ਦੇ ਕੇ ਰੱਖਿਆ ਬਰਾਮਦ ਦੀ ਆਲਮੀ ਸਮਰੱਥਾ ਦੀਆਂ ਵਿਸ਼ਵ ਸੰਭਾਵਨਾਵਾਂ ਤਲਾਸ਼ਣਾ ਹੈ। -ਪੀਟੀਆਈ