ਨਵੀਂ ਦਿੱਲੀ, 5 ਜੂਨ
ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਨਵੇਂ ਚੁਣੇ ਲੋਕ ਸਭਾ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨੇ ਅੱਜ ਕਿਹਾ ਕਿ ਇਸ ਸੰਸਦੀ ਹਲਕੇ ’ਚ ਉਨ੍ਹਾਂ ਦੀ ਜਿੱਤ ਸਥਾਨਕ ਲੋਕਾਂ ਤੇ ਗਾਂਧੀ ਪਰਿਵਾਰ ਦੀ ਜਿੱਤ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ‘ਅਮਾਨਤ ’ਚ ਖਿਆਨਤ’ ਨਾ ਹੋਵੇ।
ਉਨ੍ਹਾਂ ਪੀਟੀਆਈ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਧਾਰਨਾ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਹਰਾ ਕੇ 2019 ’ਚ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲਿਆ ਹੈ। ਉਨ੍ਹਾਂ ਕਿਹਾ, ‘ਰਾਜਨੀਤੀ ’ਚ ਬਦਲਾ ਨਹੀਂ ਹੁੰਦਾ ਕਿਉਂਕਿ ਇੱਕ ਹਾਰਦਾ ਹੈ ਤਾਂ ਦੂਜਾ ਜਿੱਤਦਾ ਹੈ।’ ਕਿਸ਼ੋਰੀ ਲਾਲ ਸ਼ਰਮਾ ਨੇ ਇਰਾਨੀ ਨੂੰ ਇੱਕ ਲੱਖ 67 ਹਜ਼ਾਰ 196 ਵੋਟਾਂ ਨਾਲ ਹਰਾਇਆ। ਉਹ ਜਿੱਤ ਮਗਰੋਂ ਪਹਿਲੀ ਵਾਰ ਦਿੱਲੀ ਪਹੁੰਚੇ ਸਨ। ਉਨ੍ਹਾਂ ਇੱਥੇ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਸ਼ਰਮਾ ਨੇ ਰਾਏਬਰੇਲੀ ਤੋਂ ਰਾਹੁਲ ਗਾਂਧੀ ਦੀ ਜਿੱਤ ਦਾ ਸਰਟੀਫਿਕੇਟ ਵੀ ਉਨ੍ਹਾਂ ਨੂੰ ਸੌਂਪਿਆ। ਸ਼ਰਮਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਰਾਏਬਰੇਲੀ ਸੀਟ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ। ਭਾਜਪਾ ਦੇ ਕੁਝ ਆਗੂਆਂ ਵੱਲੋਂ ਉਨ੍ਹਾਂ ’ਤੇ ਨਿੱਜੀ ਟਿੱਪਣੀਆਂ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਇਸ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਮੇਠੀ ’ਚ ਜਿੱਤ-ਹਾਰ ਬਾਰੇ ਨਹੀਂ ਸੋਚ ਰਹੇ ਸਨ ਬਲਕਿ ਜਿੱਤ ਦੇ ਫਰਕ ਬਾਰੇ ਸੋਚ ਰਹੇ ਸਨ ਕਿਉਂਕਿ ਉਨ੍ਹਾਂ 40 ਸਾਲਾਂ ਤੱਕ ਕੰਮ ਕੀਤਾ ਹੈ। ਸ਼ਰਮਾ ਰਾਏਬਰੇਲੀ ਤੇ ਅਮੇਠੀ ’ਚ ਕਈ ਦਹਾਕਿਆਂ ਤੋਂ ਗਾਂਧੀ ਪਰਿਵਾਰ ਦੇ ਨੁਮਾਇੰਦੇ ਵਜੋਂ ਕੰਮ ਕਰਦੇ ਆ ਰਹੇ ਹਨ। -ਪੀਟੀਆਈ