ਕੋਲਕਾਤਾ, 9 ਨਵੰਬਰ
ਪੱਛਮੀ ਬੰਗਾਲ ’ਚ ਅੱਜ ਸਵੇਰੇ ਹਾਵੜਾ ਨੇੜੇ ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸਟ ਐਕਸਪ੍ਰੈੱਸ ਦੇ ਤਿੰਨ ਡੱਬੇ ਲੀਹੋਂ ਉਤਰ ਗਏ। ਦੱਖਣ-ਪੂਰਬੀ ਰੇਲਵੇ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਘਟਨਾ ਨਾਲਪੁਰ ’ਚ ਸਵੇਰੇ ਕਰੀਬ ਸਾਢੇ 5 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਵਿਭਾਗੀ ਜਾਂਚ ਕਰਵਾਈ ਜਾਵੇਗੀ।
ਦੱਖਣ-ਪੂਰਬੀ ਰੇਲਵੇ ਦੇ ਤਰਜਮਾਨ ਓਮਪ੍ਰਕਾਸ਼ ਚਰਨ ਨੇ ਕਿਹਾ, ‘‘ਕੋਲਕਾਤਾ ਤੋਂ ਕਰੀਬ 40 ਕਿਲੋਮੀਟਰ ਦੂਰ ਨਾਲਪੁਰ ’ਚ ਹਫ਼ਤਾਵਾਰੀ ਵਿਸ਼ੇਸ਼ ਟਰੇਨ ਦੇ ਡੱਬੇ ਲੀਹੋਂ ਉਤਰ ਗਏ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।’’ ਉਨ੍ਹਾਂ ਕਿਹਾ ਕਿ ਟਰੇਨ ਦੇ ਦੋ ਡੱਬੇ, ਥਰਡ ਏਸੀ ਇਕੋਨਾਮੀ ਅਤੇ ਥਰਡ ਏਸੀ ਤੇ ਇਕ ਪਾਰਸਲ ਵੈਨ ਉਦੋਂ ਲੀਹੋਂ ਉਤਰ ਗਏ, ਜਦੋਂ ਉਹ ਇਕ ਪਟੜੀ ਤੋਂ ਦੂਜੀ ਪਟੜੀ ’ਤੇ ਤਬਦੀਲ ਹੋ ਰਹੇ ਸਨ। ਹਾਦਸੇ ਮਗਰੋਂ ਤੁਰੰਤ ਇਕ ਰਾਹਤ ਟਰੇਨ ਅਤੇ ਮੈਡੀਕਲ ਰਾਹਤ ਟਰੇਨਾਂ ਸੰਤਰਾਗਾਚੀ ਅਤੇ ਖੜਗਪੁਰ ਤੋਂ ਮੌਕੇ ’ਤੇ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਆਪਣੇ ਟਿਕਾਣਿਆਂ ’ਤੇ ਪਹੁੰਚਾਉਣ ਲਈ ਬੱਸਾਂ ਵੀ ਭੇਜੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਹਾਦਸੇ ਕਾਰਨ ਕੁਝ ਐਕਸਪ੍ਰੈੱਸ ਟਰੇਨਾਂ ਅਤੇ ਈਐੱਮਯੂ ਲੋਕਲ ਦੇਰੀ ਨਾਲ ਚੱਲ ਰਹੀਆਂ ਹਨ। -ਪੀਟੀਆਈ