ਨਵੀਂ ਦਿੱਲੀ, 5 ਸਤੰਬਰ
ਵਕਫ (ਸੋਧ) ਬਿੱਲ ’ਤੇ ਵਿਚਾਰ ਕਰ ਰਹੀ ਸਾਂਝੀ ਸੰਸਦੀ ਕਮੇਟੀ ਨੂੰ ਅੱਜ ਕੌਮੀ ਰਾਜਧਾਨੀ ਖੇਤਰ ਵਿੱਚ ਮੌਜੂਦ ਵਕਫ ਸੰਪਤੀਆਂ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ ਸੜਕ ਆਵਾਜਾਈ ਅਤੇ ਰੇਲ ਮੰਤਰਾਲਿਆਂ ਨਾਲ ਸਬੰਧਿਤ ਜ਼ਮੀਨ ’ਤੇ ਮੌਜੂਦ ਸੰਪਤੀਆਂ ਸ਼ਾਮਲ ਹਨ। ਮੀਟਿੰਗ ਵਿੱਚ ਸ਼ਹਿਰੀ ਮਾਮਲਿਆਂ ਤੇ ਸੜਕ ਆਵਾਜਾਈ ਵਿਭਾਗ ਦੇ ਸਕੱਤਰ ਅਨੁਰਾਗ ਜੈਨ ਅਤੇ ਰੇਲਵੇ ਬੋਰਡ ਦੇ ਮੈਂਬਰ (ਬੁਨਿਆਦੀ ਢਾਂਚਾ) ਅਨਿਲ ਕੁਮਾਰ ਖੰਡੇਲਵਾਲ ਅਤੇ ਸਬੰਧਿਤ ਮੰਤਰਾਲਿਆਂ ਦੇ ਅਧਿਕਾਰੀ ਪੇਸ਼ ਹੋਏ। ਅਧਿਕਾਰੀਆਂ ਨੇ ਦਿੱਲੀ ਦੇ ਨਿਰਮਾਣ ਲਈ 1911 ਵਿੱਚ ਤਤਕਾਲੀ ਬਰਤਾਨੀਆ ਸਰਕਾਰ ਵੱਲੋਂ ਸ਼ੁਰੂ ਕੀਤੀ ਜ਼ਮੀਨ ਗ੍ਰਹਿਣ ਦੀ ਪ੍ਰਕਿਰਿਆ ਬਾਰੇ ਕਮੇਟੀ ਨੂੰ ਜਾਣਕਾਰੀ ਦਿੱਤੀ। ਸੰਸਦੀ ਸੂਤਰਾਂ ਅਨੁਸਾਰ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀ ਬਰਤਾਨੀਆ ਪ੍ਰਸ਼ਾਸਨ ਵੱਲੋਂ ਅਪਣਾਈ ਗਈ ਭੂਮੀ ਗ੍ਰਹਿਣ ਪ੍ਰਕਿਰਿਆ ’ਤੇ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। -ਪੀਟੀਆਈ