ਕੋਲਕਾਤਾ/ਨਵੀਂ ਦਿੱਲੀ, 11 ਨਵੰਬਰ
ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਡਿਊਟੀ ਉੱਤੇ ਮੌਜੂਦ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਕੇਸ ਵਿਚ ਅੱਜ ਤੋਂ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਮੁੱਖ ਮੁਲਜ਼ਮ ਸੰਜੈ ਰੌਏ ਨੂੰ ਅੱਜ ਕੋਲਕਾਤਾ ਕੋਰਟ ਵਿਚ ਪੇਸ਼ ਕੀਤਾ ਗਿਆ। ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਨਿਰਬਾਨ ਦਾਸ ਦੀ ਕੋਰਟ ਵਿਚ ਅਦਾਲਤੀ ਕਾਰਵਾਈ ਕੈਮਰੇ ਦੀ ਨਿਗਰਾਨੀ ਹੇਠ ਹੋਈ। ਰੌਏ ਨੂੰ ਬਾਅਦ ਦੁਪਹਿਰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤੀ ਕਾਰਵਾਈ ਬੰਦ ਕਮਰੇ ਵਿਚ ਹੋਈ। ਰੌਏ ਖਿਲਾਫ਼ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਕੋਲਕਾਤਾ ਪੁਲੀਸ ਨੇ ਰੌਏ ਨੂੰ 10 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ। ਇਸ ਦੌਰਾਨ ਸੁਪਰੀਮ ਕੋਰਟ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਖਿਲਾਫ਼ ਕੀਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੀ ਮਹਿਲਾ ਨੂੰ ਪੁਲੀਸ ਹਿਰਾਸਤ ਵਿਚ ਕਥਿਤ ਤਸੀਹੇ ਦੇਣ ਨਾਲ ਜੁੜੇ ਕੇਸ ਦੀ ਸੀਬੀਆਈ ਜਾਂਚ ਦੇ ਹੁਕਮ ਦਿੰੰਦੇ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਸੱਤ ਆਈਪੀਐੱਸ ਅਧਿਕਾਰੀਆਂ, ਜਿਨ੍ਹਾਂ ਵਿਚ ਪੰਜ ਮਹਿਲਾਵਾਂ ਵੀ ਸ਼ਾਮਲ ਹੋਣ, ਦੀ ਇਕ ਸੂਚੀ ਦੇਵੇ ਜਿਨ੍ਹਾਂ ਨੂੰ ਇਸ ਕੇਸ ਦੀ ਜਾਂਚ ਲਈ ਨਵੀਂ ਸਿਟ ਵਿਚ ਸ਼ਾਮਲ ਕੀਤਾ ਜਾ ਸਕੇ। -ਪੀਟੀਆਈ