ਅਯੁੱਧਿਆ, 22 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਜਵਾਦੀ ਪਾਰਟੀ ਦੇ ਆਗੂ ਤੇ ਸਮੂਹਿਕ ਜਬਰ ਜਨਾਹ ਮਾਮਲੇ ਦੇ ਮੁਲਜ਼ਮ ਮੋਈਦ ਖ਼ਾਨ ਦਾ ਸ਼ਾਪਿੰਗ ਕੰਪਲੈਕਸ ਅੱਜ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਹੈ। ਅਯੁੱਧਿਆ ਪੁਲੀਸ ਨੇ ਮੋਈਦ ਖ਼ਾਨ ਜਿਹੜਾ ਅਯੁੱਧਿਆ ਜ਼ਿਲ੍ਹੇ ਦੇ ਪੁਰਾਕਲੰਦਰ ਥਾਣੇ ਅਧੀਨ ਭਦਰਸਾ ਕਸਬੇ ’ਚ ਬੇਕਰੀ ਚਲਾਉਂਦਾ ਸੀ ਅਤੇ ਉਸ ਦੇ ਸਹਿਯੋਗੀ ਰਾਜੂ ਖ਼ਾਨ ਨੂੰ 12 ਸਾਲਾਂ ਦੀ ਲੜਕੀ ਨਾਲ ਦੋ ਮਹੀਨੇ ਪਹਿਲਾਂ ਜਬਰ-ਜਨਾਹ ਕਰਨ ਦੇ ਦੋਸ਼ ਹੇਠ 30 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲਾ ਪੀੜਤਾ ਦੇ ਮੈਡੀਕਲ ਜਾਂਚ ਦੌਰਾਨ ਗਰਭਵਤੀ ਹੋਣ ਦਾ ਪਤਾ ਲੱਗਣ ਮਗਰੋਂ ਸਾਹਮਣੇ ਆਇਆ ਸੀ। ਪੁਲੀਸ ਮੁਤਾਬਕ ਭਦਰਸਾ ’ਚ ਸ਼ਾਪਿੰਗ ਕੰਪਲੈਕਸ ਢਾਹੁਣ ਦੀ ਕਾਰਵਾਈ ਦੁਪਹਿਰ 1.30 ਵਜੇ ਸ਼ੁਰੂ ਹੋਈ। ਇਹ ਸ਼ਾਪਿੰਗ ਕੰਪਲੈਕਸ ਖਾਲੀ ਸੀ ਅਤੇ ਇਸ ਨੂੰ ਢਾਹੁਣ ਦੀ ਕਾਰਵਾਈ ਤੋਂ ਪਹਿਲਾਂ ਇੱਥੇ ਚੱਲ ਰਹੀ ਇੱਕ ਬੈਂਕ ਦੀ ਸ਼ਾਖਾ ਨੂੰ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਸੀ। ਸੋਹਾਵਾਲ ਤਹਿਸੀਲ ਦੇ ਐੱਸਡੀਐੱਮ ਏਕੇ ਸੈਣੀ ਨੇ ਦੱਸਿਆ ਕਿ ਮੋਈਦ ਖ਼ਾਨ ਦਾ ਸ਼ਾਪਿੰਗ ਕੰਪਲੈਕਸ ਸਰਕਾਰੀ ਜ਼ਮੀਨ ’ਤੇ ਬਣਿਆ ਸੀ, ਜਿਸ ਕਰਕੇ ਇਸ ਅਣਅਧਿਕਾਰਤ ਇਮਾਰਤ ਨੂੰ ਢਾਹਿਆ ਗਿਆ ਹੈ। ਕਾਨੂੰਨ-ਪ੍ਰਬੰਧ ਯਕੀਨੀ ਬਣਾਈ ਰੱਖਣ ਲਈ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। -ਪੀਟੀਆਈ