ਨਵੀਂ ਦਿੱਲੀ, 23 ਜੁਲਾਈ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂਆਂ ਨੇ ਬਜਟ ’ਚ ਪੱਛਮੀ ਬੰਗਾਲ ਨੂੰ ਅਣਗੌਲਿਆ ਕਰਨ ਦਾ ਦਾਅਵਾ ਕਰਦਿਆਂ ਇਸ ਨੂੰ ਪੂਰੇ ਮੁਲਕ ਦਾ ਨਹੀਂ ਸਗੋਂ ਹੁਕਮਰਾਨ ਐੱਨਡੀਏ ਦਾ ਬਜਟ ਕਰਾਰ ਦਿੱਤਾ। ਬਜਟ ਦਾ ਵਿਰੋਧ ਕਰਦਿਆਂ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਦੇ ਮੈਂਬਰਾਂ ਨੇ ਰਾਜ ਸਭਾ ’ਚੋਂ ਵਾਕਆਊਟ ਕੀਤਾ। ਟੀਐੱਮਸੀ ਦੇ ਸੀਨੀਅਰ ਆਗੂ ਕਲਿਆਣ ਬੈਨਰਜੀ ਨੇ ਇਸ ਨੂੰ ‘ਕੁਰਸੀ ਬਚਾਓ ਬਜਟ’ ਕਰਾਰ ਦਿੱਤਾ।’
ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਬਜਟ ਨਰਿੰਦਰ ਮੋਦੀ ਦੀ ਕੁਰਸੀ ਬਚਾਉਣ ਵੱਲ ਸੇਧਤ ਹੈ। ਇਹ ਭਾਰਤ ਲਈ ਨਹੀਂ ਸਗੋਂ ਐੱਨਡੀਏ ਲਈ ਬਜਟ ਹੈ। ਪਿਛਲੀ ਵਾਰ ਉਨ੍ਹਾਂ ਉੜੀਸਾ ਨੂੰ ਕਈ ਪ੍ਰਾਜੈਕਟ ਦਿੱਤੇ ਸਨ। ਐਤਕੀਂ ਸੂਬੇ ’ਚ ਭਾਜਪਾ ਦੀ ਸਰਕਾਰ ਹੈ ਤਾਂ ਹੁਣ ਉੜੀਸਾ ਨੂੰ ਕੁਝ ਨਹੀਂ ਦਿੱਤਾ ਗਿਆ। ਬੰਗਾਲ ਲਈ ਵੀ ਬਜਟ ’ਚ ਕੁਝ ਨਹੀਂ ਹੈ।’’ ਟੀਐੱਮਸੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਫੰਡਾਂ ਤੋਂ ਵਾਂਝਿਆਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਵੇਂਦੂ ਅਧਿਕਾਰੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ‘ਜੋ ਹਮਾਰੇ ਸਾਥ, ਹਮ ਉਨਕੇ ਸਾਥ’ ਅਤੇ ਇਹ ਗੱਲ ਅੱਜ ਬਜਟ ਨਾਲ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਚਾਉਣ ਲਈ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦਿੱਤੇ ਗਏ ਹਨ।
ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ ਕਿ ਇਹ ਕੇਂਦਰੀ ਬਜਟ ਨਹੀਂ ਸਗੋਂ ਗੱਠਜੋੜ ਦੇ ਦੋ ਭਾਈਵਾਲਾਂ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਰਿਸ਼ਵਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਜਟ ਸੰਘੀ ਢਾਂਚੇ ਵਿਰੁੱਧ ਹੈ ਜਿਸ ਕਾਰਨ ਟੀਐੱਮਸੀ ਨੇ ਰਾਜ ਸਭਾ ’ਚੋਂ ਵਾਕਆਊਟ ਕੀਤਾ ਹੈ। ਇਕ ਹੋਰ ਮੈਂਬਰ ਸਾਕੇਤ ਗੋਖਲੇ ਨੇ ਕਿਹਾ ਕਿ ਇਹ ਪੱਛਮੀ ਬੰਗਾਲ ਨਾਲ ਸ਼ਰੇਆਮ ਧੱਕਾ ਹੈ। ਇਸੇ ਤਰ੍ਹਾਂ ਸੁਸ਼ਮਿਤਾ ਦੇਵ ਨੇ ਕਿਹਾ ਕਿ ਪੱਛਮੀ ਬੰਗਾਲ ਦੇ 1.6 ਲੱਖ ਕਰੋੜ ਰੁਪਏ ਦੇ ਫੰਡ ਕੇਂਦਰ ਕੋਲ ਬਕਾਇਆ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਜਨਗਨਣਾ 2011 ਤੋਂ ਬਾਅਦ ਨਹੀਂ ਕਰਵਾਈ ਗਈ ਹੈ ਤਾਂ ਫਿਰ ਬਜਟ ਕਿਵੇਂ ਤਿਆਰ ਹੋ ਰਿਹਾ ਹੈ। -ਪੀਟੀਆਈ
ਮਮਤਾ ਬੈਨਰਜੀ ਵੱਲੋਂ ਬਜਟ ਸਿਆਸੀ ਤੌਰ ’ਤੇ ਪੱਖਪਾਤੀ ਅਤੇ ਗਰੀਬ ਵਿਰੋਧੀ ਕਰਾਰ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ 2024-25 ਨੂੰ ਸਿਆਸੀ ਤੌਰ ’ਤੇ ਪੱਖਪਾਤੀ ਅਤੇ ਗਰੀਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਸੂਬੇ ਨੂੰ ਕੁਝ ਨਾ ਦੇਣ ਲਈ ਕੇਂਦਰ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਨੇ ਅਜਿਹੀ ਕਿਹੜੀ ਗਲਤੀ ਕੀਤੀ ਹੈ ਕਿ ਉਸ ਨੂੰ ਕੇਂਦਰ ਨੇ ਵਾਂਝਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਦਿਸ਼ਾਹੀਣ ਹੈ ਅਤੇ ਇਸ ’ਚ ਕੋਈ ਨਜ਼ਰੀਆ ਨਹੀਂ ਹੈ। ਇਹ ਸਿਰਫ਼ ਸਿਆਸੀ ਮਿਸ਼ਨ ਨੂੰ ਪੂਰਾ ਕਰਨ ਲਈ ਹੈ। -ਪੀਟੀਆਈ