ਨਾਗਪੁਰ, 12 ਨਵੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਨੇ ਆਪਣੇ ਹਿੱਤਾਂ ਲਈ ਸੰਵਿਧਾਨ ਨੂੰ ‘ਤੋੜਿਆ-ਮਰੋੜਿਆ’ ਅਤੇ ਹੁਣ ਇਸ ਦਾ ਦੋਸ਼ ਭਾਜਪਾ ’ਤੇ ਲਾ ਰਹੀ ਹੈ। ਕਟੋਲ ਵਿੱਚ ਭਾਜਪਾ ਉਮੀਦਵਾਰ ਚਰਨ ਸਿੰਘ ਠਾਕੁਰ ਲਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਭਾਜਪਾ ਨਾ ਤਾਂ ਡਾ. ਬੀਆਰ ਅੰਬੇਡਕਰ ਦੇ ਸੰਵਿਧਾਨ ਨੂੰ ਬਦਲੇਗੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇਗੀ। ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਣਗੀਆਂ ਅਤੇ ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਗਡਕਰੀ ਨੇ ਕਿਹਾ, ‘ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਨਾ ਤਾਂ ਖੁਦ ਬਦਲਾਂਗੇ ਅਤੇ ਨਾ ਹੀ ਕਿਸੇ ਨੂੰ ਬਦਲਣ ਦਿਆਂਗੇ। ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਬਦਲਿਆ ਨਹੀਂ ਜਾ ਸਕਦਾ।’ ਭਾਜਪਾ ਦੇ ਸੀਨੀਅਰ ਆਗੂ ਨੇ ਇਸ ਸਬੰਧੀ ਕੇਸ਼ਵਾਨੰਦ ਭਾਰਤੀ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਵੀ ਦਿੱਤਾ। ਗਡਕਰੀ ਨੇ ਕਿਹਾ, ‘ਪ੍ਰਗਟਾਵੇ ਦੀ ਆਜ਼ਾਦੀ, ਲੋਕਤੰਤਰ, ਸਮਾਜਵਾਦ, ਧਰਮ ਨਿਰਪੱਖਤਾ ਅਤੇ ਮੌਲਿਕ ਅਧਿਕਾਰਾਂ ਵਰਗੀਆਂ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਕੋਈ ਨਹੀਂ ਬਦਲ ਸਕਦਾ। ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਸੰਵਿਧਾਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ। ਦੇਸ਼ ਦੇ ਇਤਿਹਾਸ ’ਚ ਕਾਂਗਰਸ ਨੇ ਹੀ ਸੰਵਿਧਾਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਪਾਪ ਕੀਤਾ ਹੈ ਅਤੇ ਹੁਣ ਉਹ ਸਾਡੇ ’ਤੇ ਦੋਸ਼ ਲਗਾ ਰਹੀ ਹੈ।’ -ਪੀਟੀਆਈ