ਹੈਦਰਾਬਾਦ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਇੱਕ ਕਮੇਟੀ ਗਠਿਤ ਕਰੇਗੀ ਜੋ ਮਦੀਗਾ (ਇੱਕ ਅਨੁਸੂਚਿਤ ਜਾਤੀ ਭਾਈਚਾਰਾ) ਦੇ ਸ਼ਕਤੀਕਰਨ ਲਈ ਹਰ ਸੰਭਵ ਢੰਗ ਅਪਣਾਏਗੀ। ਉਹ ਇੱਥੇ ਮਦੀਗਾ ਰਾਖਵਾਂਕਰਨ ਪੋਰਤਾ ਸਮਿਤੀ (ਐੱਮਆਰਪੀਐੱਸ) ਵੱਲੋਂ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਤੇਲਗੂ ਸੂਬਿਆਂ ਵਿੱਚ ਮਦੀਗਾ ਐੱਸਸੀ ਭਾਈਚਾਰੇ ਦਾ ਸਭ ਤੋਂ ਵੱਡਾ ਵਰਗ ਹੈ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਸੰਘਰਸ਼ ਵਿੱਚ ਤੁਹਾਡੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਬੇਇਨਸਾਫੀ ਨੂੰ ਖਤਮ ਕਰਨ ਲਈ ਪ੍ਰਤੀਬੱਧ ਹਾਂ। ਇਹ ਸਾਡਾ ਵਾਅਦਾ ਹੈ ਕਿ ਅਸੀਂ ਜਲਦੀ ਹੀ ਇੱਕ ਕਮੇਟੀ ਗਠਿਤ ਕਰਾਂਗੇ ਜੋ ਤੁਹਾਡੇ ਸ਼ਕਤੀਕਰਨ ਲਈ ਹਰ ਸੰਭਵ ਢੰਗ ਅਪਣਾਏਗੀ। ਤੁਸੀਂ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸੁਪਰੀਮ ਕੋਰਟ ਵਿੱਚ ਇੱਕ ਵੱਡੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਤੁਹਾਡੇ ਸੰਘਰਸ਼ ਦੀ ਹਮਾਇਤ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ। ਭਾਰਤ ਸਰਕਾਰ ਦੀ ਇਹ ਤਰਜੀਹ ਹੈ ਕਿ ਤੁਹਾਨੂੰ ਅਦਾਲਤ ਵਿੱਚ ਵੀ ਇਨਸਾਫ ਮਿਲੇ। ਭਾਰਤ ਸਰਕਾਰ ਤੁਹਾਨੂੰ ਇਨਸਾਫ ਦਿਵਾਉਣ ਲਈ ਡੱਟ ਕੇ ਤੁਹਾਡੇ ਨਾਲ ਖੜ੍ਹੀ ਹੈ।’
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਦੋਸ਼ ਲਾਇਆ ਇਸ ਨੇ ਦੋ ਵਾਰ ਬੀ.ਆਰ. ਅੰਬੇਡਕਰ ਨੂੰ ਚੋਣਾਂ ਨਹੀਂ ਜਿੱਤਣ ਦਿੱਤੀਆਂ ਅਤੇ ਇਸ ਸਭ ਤੋਂ ਪੁਰਾਣੀ ਪਾਰਟੀ ਨੇ ਸੰਸਦ ’ਚ ਡਾ. ਅੰਬੇਡਕਰ ਦੀ ਤਸਵੀਰ ਵੀ ਨਹੀਂ ਲਾਈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਕਾਰਨ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਦਹਾਕਿਆਂ ਤੱਕ ਭਾਰਤ ਰਤਨ ਨਹੀਂ ਦਿੱਤਾ ਗਿਆ ਅਤੇ ਕੇਂਦਰ ਵਿੱਚ ਭਾਜਪਾ ਦੀ ਹਮਾਇਤ ਵਾਲੀ ਸਰਕਾਰ ਬਣਨ ਤੋਂ ਬਾਅਦ ਹੀ ਇਹ ਸੰਭਵ ਹੋ ਸਕਿਆ ਹੈ।
ਤਿਲੰਗਾਨਾ ’ਚ ਬੀਆਰਐੱਸ ਸਰਕਾਰ ਦੀ ਆਲੋਚਨਾ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਭਰ ’ਚ ਹੋਏ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਵਾਅਦਾ ਕੀਤਾ ਸੀ ਕਿ ਸੂਬੇ ਦਾ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਇਆ ਜਾਵੇਗਾ ਪਰ ਸੂਬਾ ਬਣਨ ਮਗਰੋਂ ਕੇ ਚੰਦਰਸ਼ੇਖਰ ਰਾਓ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਕਬਜ਼ਾ ਕਰ ਲਿਆ ਅਤੇ ਦਲਿਤਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਬੀਆਰਐੱਸ ਦਲਿਤ ਵਿਰੋਧੀ ਹੈ ਅਤੇ ਕਾਂਗਰਸ ਵੀ ਇਸ ਤੋਂ ਕੋਈ ਘੱਟ ਨਹੀਂ ਹੈ। -ਪੀਟੀਆਈ