ਨਵੀਂ ਦਿੱਲੀ, 27 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਅਰਥਵਿਵਸਥਾ ਦੀ ਸਥਿਤੀ, ਬਰਾਮਦ ਅਤੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤੋਂ ਇਲਾਵਾ ਵਧਦੇ ਵਪਾਰਕ ਘਾਟੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਅਤੇ ਉਨ੍ਹਾਂ ’ਤੇ ਚੀਨ ਨੂੰ ਆਪਣਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾ ਕੇ ‘ਫਰਜ਼ੀ’ ਰਾਸ਼ਟਰਵਾਦ ਫੈਲਾਉਣ ਦਾ ਦੋਸ਼ ਲਾਇਆ। ਖੜਗੇ ਨੇ ‘ਐਕਸ’ ’ਤੇ ਕਿਹਾ, ‘‘(ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਜੀ ਮੰਗਲਸੂਤਰ, ਮਟਨ, ਮੱਛੀ, ਮੁਗ਼ਲ ਅਤੇ ਮੁਜਰਾ ਬਾਰੇ ਤਾਂ ਬੋਲਦੇ ਹਨ, ਪਰ ‘ਮੇਕ ਇਨ ਇੰਡੀਆ’ ਬਾਰੇ ਗੱਲ ਨਹੀਂ ਕਰਦੇ? ਮੋਦੀ ਜੀ ਆਪਣੇ ਕਈ ਚੋਣ ਭਾਸ਼ਣਾਂ ਵਿੱਚ ਅਰਥਵਿਵਸਥਾ ਬਾਰੇ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਦੇ? ਇਸ ਦਾ ਜਵਾਬ ਉਨ੍ਹਾਂ ਦੀ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਵਿੱਚ ਪਿਆ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ‘ਮੇਕ ਇਨ ਇੰਡੀਆ’ ਪ੍ਰੋਗਰਾਮ ਫਲਾਪ ਹੋ ਗਿਆ ਹੈ, ਪੀਐੱਲਆਈ ਯੋਜਨਾ ਲੜਖੜਾ ਗਈ ਹੈ ਅਤੇ ਬਰਾਮਦ ਵਿੱਚ ਵੀ ਗਿਰਾਵਟ ਆਈ ਹੈ। ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਅਤੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਯੂਪੀਏ ਦੇ 2004 ਤੋਂ 2014 ਦੇ ਸ਼ਾਸਨ ਦੌਰਾਨ ਨਿਰਮਾਣ ਵਿਕਾਸ 7.85 ਫੀਸਦੀ ਰਿਹਾ ਸੀ, ਜਦੋਂਕਿ ਮੋਦੀ ਦੀ ਅਗਵਾਈ ਵਾਲੇ ਐੱਨਡੀਏ ਦੇ ਕਾਰਜਕਾਲ ਦੌਰਾਨ 2014 ਤੋਂ 2022 ਤੱਕ ਇਹ 6.0 ਫੀਸਦੀ ਰਿਹਾ। -ਪੀਟੀਆਈ