ਰਾਂਚੀ, 11 ਨਵੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੇ ਹਾਕਮ ਗੱਠਜੋੜ ’ਤੇ ਸੂਬੇ ਨੂੰ ਰੋਹਿੰਗਿਆ ਤੇ ਬੰਗਲਾਦੇਸ਼ੀ ਘੁਸਪੈਠੀਆਂ ਲਈ ‘ਧਰਮਸ਼ਾਲਾ’ ਵਿੱਚ ਤਬਦੀਲ ਕਰਨ ਦਾ ਦੋਸ਼ ਲਾਇਆ। ਆਦਿੱਤਿਆਨਾਥ ਨੇ ਕਿਹਾ ਕਿ ਮਾਫੀਆ, ਪੱਥਰਬਾਜ਼ਾਂ ਤੇ ਤਿਉਹਾਰਾਂ ਸਮੇਂ ਬਦਅਮਨੀ ਫੈਲਾਉਣ ਵਾਲਿਆਂ ਨਾਲ ਨਜਿੱਠਣ ਲਈ ਝਾਰਖੰਡ ’ਚ ‘ਡਬਲ ਇੰਜਣ’ ਸਰਕਾਰ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਉਹ ਵੰਡੇ ਗਏ ਤਾਂ ਉਨ੍ਹਾਂ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ, ‘ਬਟੇਂਗੇ ਤੋ ਕਟੇਂਗੇ। ਏਕ ਰਹੇਂਗੇ ਤੋ ਸੇਫ ਰਹੇਂਗੇ।’ ਉਨ੍ਹਾਂ ਦੋਸ਼ ਲਾਇਆ ਕਿ ਝਾਰਖੰਡ ’ਚ ਜੇਐੱਮਐੱਮ ਦੀ ਅਗਵਾਈ ਹੇਠਲੀ ਸਰਕਾਰ ਨੇ ਭ੍ਰਿਸ਼ਟਾਚਾਰ, ਅਰਾਜਕਤਾ ਤੇ ਕੁਦਰਤੀ ਸਰੋਤਾਂ ਦੀ ਲੁੱਟ ਨੂੰ ਹੁਲਾਰਾ ਦਿੱਤਾ। ਸੋਰੇਨ ਪਰਿਵਾਰ, ਲਾਲੂ ਪ੍ਰਸਾਦ ਦੇ ਪਰਿਵਾਰ ਤੇ ਗਾਂਧੀ ਪਰਿਵਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਰਾਂਚੀ, ਪਟਨਾ ਤੇ ਦਿੱਲੀ ਦੇ ਤਿੰਨ ਪਰਿਵਾਰ ਆਪਣੇ ਹੀ ਵਿਕਾਸ ਲਈ ਲੁੱਟ ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ, ‘ਜੇਐੱਮਐੱਮ ਦੇ ਕਾਰਜਕਾਲ ਦੌਰਾਨ ਕੁਦਰਤੀ ਸਰੋਤਾਂ ਨੂੰ ਲੁੱਟਿਆ ਜਾ ਰਿਹਾ ਹੈ, ਮਜ਼ਦੂਰ ਹਿਜਰਤ ਕਰਨ ਲਈ ਮਜਬੂਰ ਹਨ ਅਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਯੂਪੀ ਦੀ ਤਰਜ ’ਤੇ ‘ਪੱਥਰਬਾਜ਼ਾਂ ਤੇ ਮਾਫੀਆ ਨੂੰ ਯਮਰਾਜ ਦੇ ਘਰ ਤੱਕ ਟਿਕਟ ਦੇਣ’ ਲਈ ਝਾਰਖੰਡ ’ਚ ‘ਡਬਲ ਇੰਜਣ’ ਸਰਕਾਰ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ, ‘ਝਾਰਖੰਡ ’ਚ ਜੇਐੱਮਐੱਮ ਦੇ ਸ਼ਾਸਨ ’ਚ ਲੋਕਾਂ ਨੂੰ ਸ਼ਾਂਤੀ ਨਾਲ ਤਿਉਹਾਰ ਨਹੀਂ ਮਨਾਉਣ ਦਿੱਤੇ ਜਾ ਰਹੇ।’ -ਪੀਟੀਆਈ