ਨਵੀਂ ਦਿੱਲੀ, 3 ਜੂਨ
ਸੁਪਰੀਮ ਕੋਰਟ ਨੇ ਵਾਈਐੱਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਪਿਨੇਲੀ ਰਾਮਾਕ੍ਰਿਸ਼ਨਾ ਰੈੱਡੀ, ਜਿਸ ਨੇ ਪੋਲਿੰਗ ਸਟੇਸ਼ਨ ’ਤੇ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਤੋੜ ਦਿੱਤੀਆਂ ਸਨ, ਨੂੰ ਮਛੇਰਲਾ ਵਿਧਾਨ ਸਭਾ ਹਲਕੇ ਦੇ ਗਿਣਤੀ ਕੇਂਦਰ ’ਤੇ 4 ਜੂਨ ਨੂੰ ਦਾਖ਼ਲ ਹੋਣ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਸੰਦੀਪ ਮਹਿਤਾ ਦੇ ਵੈਕੇਸ਼ਨ ਬੈਂਚ ਨੇ 13 ਮਈ ਦਾ ਵੀਡੀਓ ਦੇਖਣ ਮਗਰੋਂ ਰੈੱਡੀ ਨੂੰ ਦਿੱਤੀ ਪੇਸ਼ਗੀ ਜ਼ਮਾਨਤ ’ਤੇ ਸਵਾਲ ਖੜ੍ਹਾ ਕੀਤਾ ਅਤੇ ਕਿਹਾ ਕਿ ਇਹ ਨਿਆਂ ਪ੍ਰਣਾਲੀ ਦਾ ਮਖੌਲ ਹੈ।
ਬੈਂਚ ਨੇ ਨਿਰਦੇਸ਼ ਦਿੱਤੇ ਕਿ ਰੈੱਡੀ 4 ਜੂਨ ਨੂੰ ਗਿਣਤੀ ਕੇਂਦਰ ਅਤੇ ਉਸ ਦੇ ਆਲੇ-ਦੁਆਲੇ ਵੀ ਦਿਖਾਈ ਨਾ ਦੇਵੇ। ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਹਨ ਜਿਨ੍ਹਾਂ ਦੇ ਭਲਕੇ ਨਤੀਜੇ ਆਉਣੇ ਹਨ। ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਕਿਹਾ ਕਿ ਉਹ ਰੈੱਡੀ ਖ਼ਿਲਾਫ਼ ਦਰਜ ਕੇਸਾਂ ਨਾਲ ਸਬੰਧਤ ਪਟੀਸ਼ਨ ’ਤੇ ਫ਼ੈਸਲਾ ਬਿਨਾਂ ਕਿਸੇ ਪ੍ਰਭਾਵ ਦੇ ਲਵੇ ਜੋ 6 ਜੂਨ ਨੂੰ ਸੂਚੀਬੱਧ ਹੈ। ਸਿਖਰਲੀ ਅਦਾਲਤ ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਪੋਲਿੰਗ ਏਜੰਟ ਸੇਸ਼ਾਗਿਰੀ ਰਾਓ ਨੰਬੂਰੀ ਵੱਲੋਂ ਦਾਖ਼ਲ ਦੋ ਅਰਜ਼ੀਆਂ ’ਤੇ ਸੁਣਵਾਈ ਕਰ ਰਹੀ ਹੈ ਜਿਸ ’ਚ ਉਨ੍ਹਾਂ ਵਿਧਾਇਕ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਰਾਹਤ ਰੱਦ ਕਰਨ ਦੀ ਮੰਗ ਕੀਤੀ ਹੈ।
ਉਸ ਨੇ ਦਾਅਵਾ ਕੀਤਾ ਕਿ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਤੋੜਨ ਦੇ ਵੀਡੀਓ ਸਬੂਤ ਹਨ ਪਰ ਪੁਲੀਸ ਨੇ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਨ ਦੀ ਬਜਾਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ