ਪਰਸ਼ੋਤਮ ਬੱਲੀ
ਬਰਨਾਲਾ, 17 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦੀ ਦੀ ਰਣਨੀਤੀ ਉਲੀਕਣ ਸਬੰਧੀ 26 ਮਈ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾਈ ‘ਲੋਕ ਸੰਗਰਾਮ ਰੈਲੀ’ ਦੀਆਂ ਤਿਆਰੀਆਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)ਵੱਲੋਂ ਅੱਜ ਇੱਥੇ ਦਾਣਾ ਮੰਡੀ ‘ਚ ਜਥੇਬੰਦੀ ਦੀਆਂ ਸੂਬੇ ਭਰ ਦੀਆਂ ਔਰਤ ਆਗੂਆਂ ਦੀ ਮੀਟਿੰਗ ਕੀਤੀ ਗਈ। ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਹਾਲ ਹੀ ਵਿੱਚ ਵਿਛੜੇ ਲੋਕ ਪੱਖੀ ਸਾਹਿਤਕਾਰ ਸਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਤਬਕਿਆਂ ਕਿਸਾਨਾਂ, ਖੇਤ ਮਜ਼ਦੂਰਾਂ, ਵਿਦਿਆਰਥੀਆਂ, ਠੇਕਾ-ਕਾਮਿਆਂ, ਸਨਅਤੀ ਕਾਮਿਆਂ, ਅਧਿਆਪਕਾਂ, ਸਾਬਕਾ ਸੈਨਿਕਾਂ ਅਤੇ ਬਿਜਲੀ ਮੁਲਾਜ਼ਮਾਂ ਆਦਿ ਵਰਗਾਂ ਨਾਲ ਸਬੰਧਤ ਕਰੀਬ ਦੋ ਦਰਜਨ ਜਥੇਬੰਦੀਆਂ ਵੱਲੋਂ ਇਸ ਸਾਂਝੀ ਸੰਗਰਾਮ ਰੈਲੀ ਦਾ ਸੱਦਾ ਦਿੱਤਾ ਗਿਆ ਹੈ। ਇਸ ਦੀ ਤਿਆਰੀ ਲਈ ਲਾਮਬੰਦੀ ਮੁਹਿੰਮ ਦੌਰਾਨ ਚੋਣਾਂ ਲੜ ਰਹੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਦਾ ਲੋਕ-ਵਿਰੋਧੀ ਅਤੇ ਜਗੀਰਦਾਰਾਂ/ਸੂਦਖੋਰਾਂ ਅਤੇ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਪੱਖੀ ਕਿਰਦਾਰ ਦਾ ਪਰਦਾਫਾਸ਼ ਕਰਦੇ ਹੋਏ ਲੋਕਾਂ ਦੇ ਹਕੀਕੀ ਮੁੱਦੇ ਉਭਾਰੇ ਜਾਣ ਅਤੇ ਵੋਟ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਵਿਸ਼ਾਲ ਸਾਂਝੇ ਤੇ ਸਿਰੜੀ ਘੋਲਾਂ ਦਾ ਰਾਹ ਬੁਲੰਦ ਕੀਤੇ ਜਾਣ ਬਾਰੇ ਐਲਾਨ ਹੋਣਗੇ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੁਰਜੀਤ ਪਾਤਰ ਦੀ ਕਵਿਤਾ ’ਚੋਂ ‘ਲੱਗੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ, ਇਹ ਨਾ ਸਮਝੀਂ ਕਿ ਮੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ’ ਬੋਲਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਪਰ ਦੇਸ਼ ਦੀ ਹਾਕਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਝੂਠੇ ਵਾਅਦੇ ਕਰਕੇ ਰਾਜ ਗੱਦੀ ’ਤੇ ਕਾਇਮ ਹੋਣ ਲਈ ਜਦੋ ਜਹਿਦ ਕਰਨ ਲੱਗੇ ਹੋਏ ਹਨ। ਆਗੂਆਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ 26 ਮਈ ਦੀ ਲੋਕ ਸੰਗਰਾਮ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅੰਤ ਆਈਆਂ ਸਾਰੀਆਂ ਔਰਤਾਂ ਮਰਦਾਂ ਦਾ ਧੰਨਵਾਦ ਸੂਬਾ ਕਮੇਟੀ ਮੈਂਬਰ ਹਰਿੰਦਰ ਕੌਰ ਬਿੰਦੂ ਨੇ ਕੀਤਾ। ਮੰਚ ਸੰਚਾਲਨ ਕਮਲਜੀਤ ਕੌਰ ਬਰਨਾਲਾ ਨੇ ਬਾਖ਼ੂਬੀ ਕੀਤਾ। ਇਸ ਮੌਕੇ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਦਰਾ, ਜਰਨੈਲ ਸਿੰਘ ਜਵੰਧਾ ਪਿੰਡੀ ਹਾਜ਼ਰ ਸਨ।