ਗਾਜ਼ੀਆਬਾਦ, 15 ਮਈ
ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਭਾਰਤੀ ਕਿਸਾਨ ਯੂਨੀਅਨ ਦੋ ਧੜਿਆਂ ਵਿਚ ਵੰਡੀ ਗਈ ਹੈ। ਕੌਮੀ ਪ੍ਰਧਾਨ ਨਰੇਸ਼ ਟਿਕੈਤ ਤੇ ਬੁਲਾਰੇ ਰਾਕੇਸ਼ ਟਿਕੈਤ ਅੱਡ-ਅੱਡ ਹੋ ਗਏ ਹਨ। ਇਸ ਤੋਂ ਬਾਅਦ ਕੌਮੀ ਉਪ ਪ੍ਰਧਾਨ ਰਾਜੇਸ਼ ਸਿੰਘ ਚੌਹਾਨ ਦੀ ਅਗਵਾਈ ਹੇਠ ਨਵੀਂ ਭਾਰਤੀ ਕਿਸਾਨ ਯੂਨੀਅਨ ਅਰਾਜਨੈਤਿਕ ਬਣਾਈ ਗਈ ਹੈ। ਇਸ ਪਾਰਟੀ ਦੇ ਕੌਮੀ ਪ੍ਰਧਾਨ ਰਾਜੇਸ਼ ਸਿੰਘ ਚੌਹਾਨ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਨਰੇਸ਼ ਤੇ ਰਾਕੇਸ਼ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਇਕ ਪਾਰਟੀ ਦਾ ਪ੍ਰਚਾਰ ਕਰਨ ਲਈ ਕਿਹਾ ਸੀ। ਇਹ ਜਾਣਕਾਰੀ ਮਿਲੀ ਹੈ ਕਿ ਉਹ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰ ਕੇ ਆਪਣਾ ਪੱਖ ਰੱਖਣਗੇ। ਦੱਸਣਾ ਬਣਦਾ ਹੈ ਕਿ ਰਾਕੇਸ਼ ਟਿਕੈਤ ਨੇ ਲਖਨਊ ਵਿਚ ਦੋ ਦਿਨ ਰਹਿ ਕੇ ਸਭ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਏ। ਟਿਕੈਤ ਦਾ ਸਾਥ ਛੱਡਣ ਵਾਲੇ ਕਿਸਾਨ ਆਗੂ ਇਸ ਗੱਲੋਂ ਨਾਰਾਜ਼ ਹਨ ਕਿ ਇਹ ਜਥੇਬੰਦੀ ਹੁਣ ਕਿਸਾਨਾਂ ਦੇ ਮੁੱਦਿਆਂ ਨੂੰ ਛੱਡ ਕੇ ਰਾਜਨੀਤੀ ਵਾਲੇ ਪਾਸੇ ਜਾ ਰਹੀ ਹੈ।