ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਮੋਮਬੱਤੀ ਮਾਰਚ ਵਿਚ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਭੈਣਾਂ ਸ਼ਿੰਦਰਪਾਲ ਕੌਰ ਅਤੇ ਗੁਰਪ੍ਰੀਤ ਸਿੰਘ ਆਪਣੇ ਚਾਚਾ-ਚਾਚੀ ਸਮੇਤ ਸ਼ਾਮਲ ਹੋਈਆਂ। ਇਸ ਮੌਕੇ ਸ਼ੁਭਕਰਨ ਸਿੰਘ ਦੀ ਵੱਡੀ ਭੈਣ ਸ਼ਿੰਦਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਜਾਂ ਨੌਕਰੀ ਨਹੀਂ ਸਗੋਂ ਇਨਸਾਫ਼ ਚਾਹੀਦਾ ਹੈ। ਉਨ੍ਹਾਂ ਦਾ ਭਰਾ ਕਿਸਾਨੀ ਹੱਕਾਂ ਲਈ ਸੰਘਰਸ਼ ਕਰਨ ਗਿਆ ਸੀ ਜੋ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ। ਮਾਂ ਬਾਰੇ ਪੁੱਛੇ ਸਵਾਲ ’ਤੇ ਸ਼ਿੰਦਰਪਾਲ ਕੌਰ ਨੇ ਕਿਹਾ ਕਿ 17 ਸਾਲ ਪਹਿਲਾਂ ਉਹ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦਾ ਕੋਈ ਪਾਲਣ ਪੋਸ਼ਣ ਉਸ ਨੇ ਨਹੀਂ ਕੀਤਾ। ਹੁਣ ਲਾਲਚ ਕਾਰਨ ਸਾਹਮਣੇ ਆ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਕਿਸਾਨ ਜਥੇਬੰਦੀਆਂ ਨਾਲ ਹੈ। ਸ਼ਾਮ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਅਭਿਮਨਿਊ ਕੋਹਾੜ ਨੇ ਕਿਹਾ ਕਿ 29 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।