ਜੋਗਿੰਦਰ ਸਿੰਘ ਮਾਨ
ਮਾਨਸਾ, 6 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਸ਼ੁਰੂਆਤੀ ਮੁਹਿੰਮ ਆਰੰਭ ਕਰਦਿਆਂ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਹਨ। ਇਹ ਧਰਨੇ ਤਕਰੀਬਨ ਸ਼ਾਮ 4 ਵਜੇ ਤੱਕ ਚਲਣੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵਿਰੁੱਧ ਸੂਬੇ ਭਰ ਵਿਚ ਨਸ਼ਿਆਂ ਲਈ ਕਾਰਪੋਰੇਟ ਉਤਪਾਦਕ ਕੰਪਨੀਆਂ, ਨਸ਼ਾ ਤਸਕਰ, ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਿਆਸੀ ਆਗੂ ਜ਼ਿੰਮੇਵਾਰ ਹਨ। ਧਰਨਿਆਂ ਵਿੱਚ ਵੱਡੀ ਗਿਣਤੀ ਵਿਚ ਲੋਕ ਪੁੱਜ ਹਨ, ਜਿਨ੍ਹਾਂ ਵਿੱਚ ਔਰਤਾਂ, ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਹਕੂਮਤਾਂ ਪ੍ਰਤੀ ਰੋਸ ਹੈ।
ਜਥੇਬੰਦਕ ਵਰਕਰਾਂ ਦਾ ਕਹਿਣਾ ਹੈ ਸਰਕਾਰਾਂ ਤੋਂ ਫ਼ਸਲਾਂ ਦੀ ਰਾਖੀ ਦੇ ਨਾਲ ਨਾਲ ਨਸਲਾਂ ਦੀ ਰਾਖੀ ਕਰਨਾ ਵੀ ਬੇਹੱਦ ਜ਼ਰੂਰੀ ਹੋ ਗਿਆ ਹੈ। ਧਰਨਾਕਾਰੀਆਂ ਵਲੋਂ ਦੋਸ਼ ਲਗਾਏ ਹਨ ਕਿ ਨਸ਼ਿਆਂ ਲਈ ਜ਼ਿੰਮੇਵਾਰ ਤਾਕਤਾਂ ਨੂੰ ਸਖ਼ਤ ਕਾਨੂੰਨੀ ਸਜ਼ਾਵਾਂ ਦਿਵਾਉਣਾ ਜ਼ਰੂਰੀ ਹੋ ਗਿਆ ਹੈ, ਜਦੋਂ ਕਿ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਤੇ ਆਮ ਲੋਕਾਂ ‘ਚ ਜਾਗ੍ਰਿਤੀ ਪੈਦਾ ਕਰਕੇ ਇਸ ਤੋਂ ਖਹਿੜਾ ਛੁਡਾਉਣ, ਗਾਰੰਟੀਸ਼ੁਦਾ ਮੁਫ਼ਤ ਇਲਾਜ ਸਮੇਤ ਪੱਕੇ ਰੁਜ਼ਗਾਰ ਲਈ ਸਰਕਾਰਾਂ ਉੱਤੇ ਦਬਾਅ ਬਣਾਉਣ ਲਈ ਲਗਾਤਾਰ ਜਥੇਬੰਦਕ ਸੰਘਰਸ਼ ਜਾਰੀ ਰਹਿਣਗੇ। ਮਾਨਸਾ ਵਿਖੇ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ ਨੂੰ ਸੰਬੋਧਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਘਰ ਘਰ ਸੱਥਰ ਵਿਛਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਤਾਕਤਾਂ ਵਿਰੁੱਧ ਹੁਣ ਜ਼ੋਰਦਾਰ ਮੁਹਿੰਮ ਆਰੰਭ ਕੀਤੀ ਗਈ ਹੈ।
ਬਠਿੰਡਾ(ਮਨੋਜ ਸ਼ਰਮਾ): ਨਸ਼ਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਖੇਤ ਮਜ਼ਦੂਰ ਯੂਨੀਅਨ ਸਮੇਤ ਹੋਰ 17 ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ ਦੇ ਪ੍ਰਬੰਧਕੀ ਬਲਾਕ ਵਿਖ਼ੇ ਵਿਸ਼ਾਲ ਧਰਨਾ ਦਿੱਤਾ ਗਿਆ।