ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਮਾਰਚ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸ਼ੋਕ ਘਣਵਟ ਕੇਂਦਰ ਸਰਕਾਰ ਦੀ ਹੀ ਕਠਪੁਤਲੀ ਸੀ। ਸ੍ਰੀ ਟਿਕੈਤ ਨੇ ਟਵੀਟ ਕੀਤਾ ‘ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਸਮਰਥਨ ਵਿੱਚ ਘਣਵਟ ਨੇ ਸੁਪਰੀਮ ਕੋਰਟ ਚ ਪੇਸ਼ ਕੀਤੀ ਰਿਪੋਰਟ ਜਨਤਕ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੀ ਹੀ ਕਠਪੁਤਲੀ ਸਨ।’ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਸ੍ਰੀ ਟਿਕੈਤ ਨੇ ਰਿਪੋਰਟ ਨੂੰ ਲੈ ਕੇ ਮੋਦੀ ਸਰਕਾਰ ਦੇ ਇਰਾਦਿਆਂ ਉਪਰ ਵੀ ਸਵਾਲ ਉਠਾਏ ਹਨ। ਉਨ੍ਹਾਂ ਅੱਗੇ ਲਿਖਿਆ, ‘ਇਸ ਦੇ ਓਹਲੇ ਇਨ੍ਹਾਂ ਕਾਨੂੰਨਾਂ ਨੂੰ ਫਿਰ ਤੋਂ ਲਿਆਉਣ ਦੀ ਕੇਂਦਰ ਦੀ ਮੰਸ਼ਾ ਹੈ ਤਾਂ ਦੇਸ਼ ਵਿੱਚ ਹੋਰ ਵੱਡਾ ਅੰਦੋਲਨ ਸ਼ੁਰੂ ਹੋਣ ਵਿੱਚ ਦੇਰ ਨਹੀਂ ਲੱਗੇਗੀ।’ ਕਿਸਾਨ ਅੰਦੋਲਨ ਦੌਰਾਨ ਗਾਜ਼ੀਪੁਰ ਮੋਰਚੇ ਨੂੰ ਸਾਂਭਣ ਵਾਲੇ ਸ੍ਰੀ ਟਿਕੈਤ ਨੇ ਬੀਤੇ ਦਿਨ ਅਸ਼ੋਕ ਘਣਵਟ ਵੱਲੋਂ ਜਾਰੀ ਰਿਪੋਰਟ ਦੇ ਹਵਾਲਿਆਂ ਮਗਰੋਂ ਟਿੱਪਣੀ ਕੀਤੀ ਹੈ। ਚੇਤੇ ਰਹੇ ਕਿ ਘਣਵਟ ਵੱਲੋਂ ਕਿਹਾ ਗਿਆ ਸੀ ਕਿ 73 ਵਿੱਚੋਂ 61 ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ। ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਵੱਲੋਂ ਬਣਾਏ ਗਏ ਤਿੰਨ ਮੈਂਬਰਾਂ ਦੇ ਪੈਨਲ ਤੋਂ ਦੂਰੀ ਰੱਖੀ ਸੀ। ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪਹਿਲਾਂ ਹੀ ਪੈਨਲ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਸੀ।