ਨਵੀਂ ਦਿੱਲੀ, 20 ਨਵੰਬਰ
ਤਿੰਨ ਵਿਵਾਦਤ ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਅਨਿਲ ਜੇ. ਘਨਵਤ ਨੇ ਸਰਕਾਰ ‘ਤੇ ਵਿਆਪਕ ਸਲਾਹ-ਮਸ਼ਵਰੇ ਤੋਂ ਬਗ਼ੈਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਲਿਆਉਣ ਦਾ ਦੋਸ਼ ਲਾਉਂਦਿਆਂ ਦੇਸ਼ ਵਿੱਚ ਖੇਤੀ ਅਤੇ ਕਿਸਾਨਾਂ ਦੀ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਅਨਿਲ ਘਨਵਤ ਨੇ, ‘ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ‘ਚ ਕੋਈ ਵਿਆਪਕ ਖੇਤੀ ਨੀਤੀ ਨਹੀਂ ਹੈ ਅਤੇ ਹੁਣ ਤੱਕ ਅਸੀਂ ਅੰਗਰੇਜ਼ਾਂ ਦੀਆਂ ਬਣਾਈਆਂ ਨੀਤੀਆਂ ‘ਤੇ ਚੱਲ ਰਹੇ ਹਾਂ, ਜਿਸ ਦਾ ਮਕਸਦ ਕਿਸਾਨਾਂ ਨੂੰ ਲੁੱਟਣਾ ਸੀ। ਅਜਿਹੇ ਵਿੱਚ ਸਰਕਾਰ ਨੂੰ ਸਭ ਤੋਂ ਪਹਿਲਾਂ ਦੇਸ਼ ਵਿੱਚ ਖੇਤੀ ਅਤੇ ਕਿਸਾਨਾਂ ਦੀ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਇਹ ਦੱਸਣਾ ਚਾਹੀਦਾ ਹੈ ਕਿ ਕਿੰਨੇ ਕਿਸਾਨ ਹਨ, ਕਿਸਾਨ ਕੌਣ ਹਨ, ਉਹ ਕੀ ਉਗਾਉਂਦੇ ਹਨ ਅਤੇ ਕਿਵੇਂ ਉਗਾਉਂਦੇ ਹਨ, ਕਿਹੜੀਆਂ ਸ਼੍ਰੇਣੀਆਂ ‘ਚ ਕਿਸਾਨਾਂ ‘ਤੇ ਕਿੰਨਾ ਕਰਜ਼ਾ ਹੈ ਅਤੇ ਉਨ੍ਹਾਂ ਦੀ ਕੀ ਹਾਲਤ ਹੈ।’