ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 8 ਅਕਤੂਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤ ਆਸ਼ੀਸ਼ ਮਿਸ਼ਰਾ ਅੱਜ ਪੁਲੀਸ ਲਾਈਨ ਵਿੱਚ ਨਹੀਂ ਪੁੱਜਿਆ, ਜਿਥੇ ਉਸ ਨੂੰ ਲਖੀਮਪੁਰ ਹਿੰਸਾ ਮਾਮਲੇ ਵਿੱਚ ਪੁੱਛ ਪੜਤਾਲ ਲਈ ਸਵੇਰੇ 10 ਵਜੇ ਬੁਲਾਇਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਸ ਨੂੰ ਸ਼ਨਿਚਰਵਾਰ ਸਵੇਰੇ 11 ਵਜੇ ਮੁੜ ਸੱਦਿਆ ਗਿਆ ਹੈ। ਜੇ ਪੇਸ਼ ਨਾ ਹੋਇਆ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।ਸੂਤਰਾਂ ਨੇ ਦੱਸਿਆ, ‘ਆਸ਼ੀਸ਼ ਨੂੰ ਪੁਲੀਸ ਨੇ ਅੱਜ ਸਵੇਰੇ 10 ਵਜੇ ਬੁਲਾਇਆ ਸੀ ਪਰ ਉਹ ਨਹੀਂ ਪਹੁੰਚਿਆ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈੱਡਕੁਆਰਟਰ) ਉਪੇਂਦਰ ਅਗਰਵਾਲ, ਜੋ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ, ਸਮੇਂ ਸਿਰ ਦਫਤਰ ਪਹੁੰਚ ਗਏ ਹਨ। ਆਸ਼ੀਸ਼ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਪੁਲੀਸ ਲਾਈਨ ਆਉਣ ਲਈ ਕਿਹਾ ਗਿਆ ਸੀ ਅਤੇ ਇਸ ਸਬੰਧ ਵਿੱਚ ਉਸ ਦੀ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਸੀ। ਇਸ ਦੌਰਾਨ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਆਸ਼ੀਸ਼ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਹੈ ਅਤੇ ਫ਼ਰਾਰ ਹੈ। ਯੂਪੀ ਪੁਲੀਸ ਦੀਆਂ ਕਈ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ। ਸ਼ੱਕ ਹੈ ਕਿ ਉਹ ਨੇਪਾਲ ਭੱਜ ਹੈ।