ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 11 ਫਰਵਰੀ
ਦਿੱਲੀ ਸੰਘਰਸ਼ ਦੌਰਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੱਡੀ ਭੂਮਿਕਾ ਅਦਾ ਕਰਨ ਵਾਲੇ ਕਿਸਾਨ ਆਗੂ ਕੰਵਲਜੀਤ ਸਿੰਘ ਪੰਡੋਰੀ, ਕਸ਼ਮੀਰ ਸਿੰਘ ਤੁਗਲਵਾਲ ਅਤੇ ਸਾਥੀਆਂ ਨੇ ਜਥੇਬੰਦੀ ਦੇ ਸਿਆਸੀ ਪੈਂਤੜੇ ਤੋਂ ਨਰਾਜ਼ ਹੋ ਕੇ ਇਕ ਹੋਰ ਕਿਸਾਨ ਯੂਨੀਅਨ ਬਣਾ ਲਈ ਹੈ। ਭਾਈ ਕੰਵਲਜੀਤ ਸਿੰਘ ਪੰਡੋਰੀ ਅਤੇ ਭਾਈ ਕਸ਼ਮੀਰ ਸਿੰਘ ਤੁਗਲਵਾਲ ਨੇ ਦੱਸਿਆ ਕਿ ਉਹ ਦਿੱਲੀ ਮੋਰਚੇ ਦੌਰਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ ਪਰ ਹੁਣ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਵੱਲੋਂ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਇਕ ਹੋਰ ਕਿਸਾਨ ਯੂਨੀਅਨ ਬਣਾਉਣੀ ਪਈ। ਨਵੀਂ ਜਥੇਬੰਦੀ ਦਾ ਨਾਂ ਭਾਰਤੀ ਕਿਸਾਨ ਯੂਨੀਅਨ (ਮਾਝਾ) ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਿਸੇ ਵੀ ਸਿਆਸੀ ਸਰਗਰਮੀ ਵਿਚ ਹਿੱਸਾ ਨਹੀਂ ਲਵੇਗੀ ਅਤੇ ਨਾ ਹੀ ਖ਼ੁਦ ਸਿਆਸਤ ਵਿਚ ਕਿਸੇ ਦੀ ਭਾਈਵਾਲੀ ਕਰੇਗੀ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਵੱਲੋਂ ਸਰਬਸੰਮਤੀ ਨਾਲ ਭਾਈ ਕਮਲਜੀਤ ਸਿੰਘ ਪੰਡੋਰੀ ਨੂੰ ਭਾਰਤੀ ਕਿਸਾਨ ਯੂਨੀਅਨ ਮਾਝਾ ਦਾ ਪ੍ਰਧਾਨ, ਭਾਈ ਕਸ਼ਮੀਰ ਸਿੰਘ ਤੁਗਲਵਾਲ ਨੂੰ ਜਨਰਲ ਸਕੱਤਰ, ਕੈਪਟਨ ਮੋਹਨ ਲਾਲ ਨੂੰ ਕੈਸ਼ੀਅਰ ਅਤੇ ਹਰਪਾਲ ਸਿੰਘ ਡੇਅਰੀਵਾਲ ਨੂੰ ਮੀਡੀਆ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਕਿਸਾਨਾਂ ਨੂੰ ਵੀ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਹਰਪਾਲ ਸਿੰਘ, ਗੁਰਜੀਤ ਸਿੰਘ ਮਾਨ, ਅਰਜਨ ਸਿੰਘ, ਹਰਪਾਲ ਸਿੰਘ ਮੱਲੀਆਂ, ਸਤਨਾਮ ਸਿੰਘ ਜ਼ਫਰਵਾਲ, ਜਗਦੀਸ਼ ਸਿੰਘ ਝੌਰ, ਡਾ ਸੁਖਦੇਵ ਸਿੰਘ, ਹਰਦੀਪ ਸਿੰਘ ਤੁਗਲਵਾਲ, ਗੁਰਸੰਦੀਪ ਸਿੰਘ ਬਸਰਾਵਾਂ, ਗੋਲਡੀ ਭਿਖਾਰੀ ਹਾਰਨੀ, ਸਤਨਾਮ ਸਿੰਘ ਔਲਖ, ਰਾਜਵਿੰਦਰ ਸਿੰਘ ਠੱਕਰਵਾਲ, ਹਰਪਿੰਦਰ ਸਿੰਘ, ਪੀਟਰ ਠੱਕਰਵਾਲ, ਜਗਤਾਰ ਸਿੰਘ ਹਰਚੋਵਾਲ, ਰਣਧੀਰ ਸਿੰਘ ਔਲਖ, ਮਾਸਟਰ ਸ਼ਾਹਪੁਰ ਜਾਜਨ, ਪ੍ਰੀਤ ਤੂਫ਼ਾਨ ਸਿੰਘ, ਹਰਦੀਪ ਸਿੰਘ, ਕਰਮਬੀਰ ਸਿੰਘ ਪੰਡੋਰੀ, ਕਾਲਾ ਸਿੰਘ ਮਾਨ, ਗੁਰਨਾਮ ਸਿੰਘ ਢੇਸੀਆਂ, ਜਸਪਾਲ ਸਿੰਘ ਢੇਸੀਆਂ, ਨਿਸ਼ਾਨ ਸਿੰਘ ਬਲੱਗਣ, ਗੁਰਿੰਦਰ ਸਿੰਘ ਝਾਵਰ, ਗਗਨਦੀਪ ਸਿੰਘ ਝਾਵਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।