ਰਾਜਨ ਮਾਨ
ਮਜੀਠਾ, 24 ਅਕਤੂਬਰ
ਕਿਸਾਨਾਂ ਮਜ਼ਦੂਰਾਂ ਨੇ 18 ਸੰਗਠਨਾਂ ਦੀ ਅਗਵਾਈ ਵਿੱਚ ਕੱਥੂਨੰਗਲ ਟੌਲ ਪਲਾਜ਼ਾ ਉਪਰ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆ ਨੂੰ ਬਦੀ ਦਾ ਅਸਲੀ ਪ੍ਰਤੀਕ ਮੰਨਦੇ ਹੋਏ ਉਨ੍ਹਾਂ ਦੇ ਪੁਤਲੇ ਫੂਕ ਕੇ ਦਸਹਿਰਾ ਮਨਾਇਆ। ਇਸ ਮੌਕੇ 18 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਪੂਰੇ ਦੇਸ਼ ਲਈ ਸਾਰੀਆਂ ਫਸਲਾਂ ਦੀ ਖਰੀਦ ’ਤੇ ਐੱਮਐੱਸਪੀ ਗਰੰਟੀ ਕਾਨੂੰਨ ਬਣਾ ਕੇ ਸਾਰੀਆਂ ਫਸਲਾਂ ਦਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਤਾ ਜਾਵੇ, ਮਨਰੇਗਾ ਤਹਿਤ ਦੇਸ਼ ਭਰ ਦੇ ਮਜਦੂਰਾਂ ਨੂੰ ਹਰ ਸਾਲ 200 ਦਿਨ ਰੁਜ਼ਗਾਰ ਦਿਤਾ ਜਾਵੇ, ਕਿਸਾਨਾ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਦਿੱਲੀ ਮੋਰਚੇ ਦੌਰਾਨ ਪਾਏ ਸਭ ਪੁਲੀਸ ਕੇਸ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ ਅਤੇ ਅਜੈ ਮਿਸ਼ਰਾ ਟੈਨੀ ਉਪਰ ਬਣਦੀ ਕਾਰਵਾਈ ਕੀਤੀ ਜਾਵੇ, ਕਿਸਾਨ ਅੰਦੋਲਨਾ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਹਰੇਕ ਪਰਿਵਾਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਭਾਰਤਮਾਲਾ ਯੋਜਨਾ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦਾ ਰੇਟ ਮਾਰਕੀਟ ਰੇਟ ਨਾਲੋਂ ਛੇ ਗੁਣਾਂ ਵੱਧ ਦਿੱਤਾ ਜਾਵੇ, ਹਰ ਕਿਸਮ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਨਸ਼ਿਆਂ ’ਤੇ ਰੋਕ ਲਗਾਈ ਜਾਵੇ, ਕੇਂਦਰ ਸਰਕਾਰ ਵੱਲੋਂ ਉੱਤਰ ਭਾਰਤ ਦੇ ਹੜ੍ਹ ਪੀੜਤ ਰਾਜਾਂ ਲਈ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਹੋਵੇ। ਜੇ ਸਰਕਾਰ ਵੱਲੋਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਦੇਸ਼ ਭਰ ਦੇ ਕਿਸਾਨ ਮਜ਼ਦੂਰ ਸੰਗਠਨ ਇੱਕਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਲੰਬਾ ਸੰਘਰਸ਼ ਸ਼ਰੂ ਕਰਨਗੇ।