ਸਰਬਜੀਤ ਸਿੰਘ ਗਿੱਲ
ਫਿਲੌਰ, 26 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਜੀਟੀ ਰੋਡ ’ਤੇ ਟਰੈਕਟਰ ਖੜੇ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਡਬਲਿਊਟੀਓ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਇਸ ਤੋਂ ਬਾਹਰ ਨਿਕਲੇ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੰਕਟ ਕਾਰਨ ਕਿਸਾਨੀ ਦਾ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਦੋਂ ਕਿ ਕਰਜ਼ੇ ਦੀ ਮੁਆਫ਼ੀ ਸਿਰਫ਼ ਵੱਡੇ ਸਨਅਤਕਾਰਾਂ ਦੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਵਲੋਂ 14 ਮਾਰਚ ਨੂੰ ਦਿੱਲੀ ’ਚ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਲਈ ਕਿਸਾਨ ਵੱਡੇ ਪੱਧਰ ’ਤੇ ਪੁੱਜ ਕੇ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਵਿੰਦਰ ਸਿੰਘ ਖਹਿਰਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਮੇਜਰ ਫਿਲੌਰ ਨੇ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਖਹਿਰਾ, ਕੁਲਜੀਤ ਫਿਲੌਰ, ਚਰਨਜੀਤ ਸਿੰਘ, ਸੁਰਿੰਦਰ ਰੁੜਕੀ, ਗੁਰਜੀਤ ਪਾਲਾ, ਗੁਰਜੰਟ ਸਿੰਘ ਖਹਿਰਾ ਤੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਹਾਜ਼ਰ ਸਨ।