ਕੇਪੀ ਸਿੰਘ
ਗੁਰਦਾਸਪੁਰ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਮੱਦੇਨਜ਼ਰ ਪਿੰਡ ਪਨਿਆੜ ਦੇ ਫੋਕਲ ਪੁਆਇੰਟ ਵਿੱਚ ਵੱਡੀ ਗਿਣਤੀ ’ਚ ਸਵੇਰੇ 10 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਕੱਤਰ ਹੋਏ ਪੰਜ ਦਰਜਨ ਦੇ ਕਰੀਬ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਪੁਰ ਅਮਨ ਢੰਗ ਨਾਲ ਬੈਠੇ ਕਿਸਾਨਾਂ ਨੂੰ ਪੁਲੀਸ ਨੇ ਧੱਕੇ ਨਾਲ ਹਿਰਾਸਤ ਵਿੱਚ ਲਿਆ ਹੈ। ਇਸ ਜਥੇ ਦੀ ਅਗਵਾਈ ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ ਤਰਲੋਕ ਸਿੰਘ ਬਹਿਰਾਮਪੁਰ, ਗੁਰਮੀਤ ਸਿੰਘ ਮਗਰਾਲਾ, ਸਤਬੀਰ ਸਿੰਘ ਸੁਲਤਾਨੀ, ਜਗੀਰ ਸਿੰਘ ਸਲਾਚ, ਗੁਰਦਿਆਲ ਸਿੰਘ ਸੋਹਲ, ਮੰਗਤ ਸਿੰਘ ਜੀਵਨ ਚੱਕ ਕਰ ਰਹੇ ਸਨ। ਨਾਅਰੇ ਲਾਉਂਦੇ ਹੋਏ ਕਿਸਾਨਾਂ ਨੂੰ ਪੁਲੀਸ ਨੇ ਬੱਸ ਚ ਬਿਠਾ ਕੇ ਭੈਣੀ ਮੀਆਂ ਥਾਣੇ ਲੈ ਆਉਂਦਾ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਹਸ ਦੀ ਧੱਕੇਸ਼ਾਹੀ ਨਰਿੰਦਰ ਮੋਦੀ ਦੇ ਕਹਿਣ ’ਤੇ ਹੋ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਘਰਾਂ ਵਿੱਚ ਸਵੇਰੇ 4 ਵਜੇ ਪੁਲੀਸ ਵੱਡੀ ਗਿਣਤੀ ਵਿੱਚ ਦਾਖਲ ਹੋਈ ਅਤੇ ਬਹੁਤ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਹੁਤ ਸਾਰੇ ਜੋ ਸੁਚੇਤ ਸਨ ਉਹ ਪਹਿਲਾਂ ਹੀ ਘਰਾਂ ਤੋਂ ਲਾਂਭੇ ਸਨ। ਬਹੁਤ ਸਾਰੇ ਕਿਸਾਨ ਆਗੂ ਘਰ ਵਿੱਚ ਨਜ਼ਰਬੰਦ ਕੀਤੇ ਹੋਏ ਹਨ। ਮੱਖਣ ਸਿੰਘ ਕੁਹਾੜ ਦੇ ਘਰ ਪੁਲੀਸ ਨੇ ਵੱਡੀ ਗਿਣਤੀ ਵਿੱਚ ਸਵੇਰੇ 4 ਵਜੇ ਘੇਰਾਬੰਦੀ ਕੀਤੀ ਪਰੰਤੂ ਉਹ ਘਰ ਤੋਂ ਬਾਹਰ ਸਨ। ਇਸੇ ਤਰ੍ਹਾਂ ਅਜੀਤ ਸਿੰਘ ਠੱਕਰ ਸੰਧੂ, ਗੁਰਵਿੰਦਰ ਸਿੰਘ ਜੀਵਨ ਚੱਕ, ਦਲਵੀਰ ਸਿੰਘ ਜੀਵਨ ਚੱਕ ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਘਰਾਂ ਵਿੱਚ ਬੰਦ ਹਨ ।