ਮੁੱਖ ਅੰਸ਼
- ਕਿਸ਼ਤਾਂ ਵਿੱਚ ਖੰਡ ਮਿੱਲ ਦੇਵੇਗੀ ਬਕਾਇਆ ਰਾਸ਼ੀ
- ਤਿੰਨ ਗੇੜ ਦੀ ਮੀਟਿੰਗ ਉਪਰੰਤ ਸਮਝੌਤਾ ਸਿਰੇ ਚੜ੍ਹਿਆ
ਪੱਤਰ ਪ੍ਰੇਰਕ
ਮੁਕੇਰੀਆਂ, 11 ਜੂਨ
ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਏ ਦੀ ਅਦਾਇਗੀ ਲਈ ਮੁਕੇਰੀਆਂ ਖੰਡ ਮਿੱਲ ਖ਼ਿਲਾਫ਼ ਕੌਮੀ ਮਾਰਗ ਜਾਮ ਕਰਕੇ ਮਿੱਲ ਸਾਹਮਣੇ ਲਗਾਇਆ ਗਿਆ ਪੱਕਾ ਧਰਨਾ ਕੇਨ ਕਮਿਸ਼ਨਰ ਪੰਜਾਬ ਦੀ ਅਗਵਾਈ ਵਿੱਚ ਮਿੱਲ ਪ੍ਰਬੰਧਕਾਂ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਏ ਸਮਝੌਤੇ ਉਪਰੰਤ ਰਾਤ ਕਰੀਬ 9 ਵਜੇ ਚੁੱਕ ਲਿਆ ਗਿਆ। ਨਵੇਂ ਸਮਝੌਤੇ ਅਨੁਸਾਰ ਖੰਡ ਮਿੱਲ 13 ਜੂਨ ਨੂੰ 20 ਕਰੋੜ, 24 ਜੂਨ ਨੂੰ 15 ਕਰੋੜ ਅਤੇ 30 ਜੂਨ ਨੂੰ 10 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏਗੀ ਅਤੇ ਰਹਿੰਦੀ ਸਾਰੀ ਅਦਾਇਗੀ ਜੁਲਾਈ ਦੇ ਅਖੀਰ ਤੱਕ ਨਿਪਟਾ ਦਿੱਤੀ ਜਾਵੇਗੀ। ਸਮਝੌਤੇ ਅਨੁਸਾਰ ਖੰਡ ਮਿੱਲ ਵੱਲੋਂ ਹਾਲ ਹੀ ਵਿੱਚ ਕਿਸਾਨਾਂ ਦੇ ਧਰਨੇ ਖਿਲਾਫ਼ ਸਿਵਲ ਕੋਰਟ ਮੁਕੇਰੀਆਂ ਵਿੱਚ ਕੀਤਾ ਕੇਸ ਵੀ ਵਾਪਸ ਲਿਆ ਜਾਵੇਗਾ। ਅੱਜ ਦੁਪਹਿਰ ਬਾਅਦ ਕਰੀਬ 5.30 ਵਜੇ ਸਥਾਨਕ ਰੈਸਟ ਹਾਊਸ ਵਿੱਚ ਕੇਨ ਕਮਿਸ਼ਨਰ ਪੰਜਾਬ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਦਰਮਿਆਨ ਮੀਟਿੰਗ ਹੋਈ। ਪ੍ਰਸ਼ਾਸਨ ਵੱਲੋਂ ਮੀਟਿੰਗ ਵਿੱਚ ਐੱਸਡੀਐੱਮ ਕੰਵਲਜੀਤ ਸਿੰਘ, ਡੀਐੱਸਪੀ ਪਰਮਜੀਤ ਸਿੰਘ, ਬਲਾਕ ਖੇਤੀ ਅਧਿਕਾਰੀ ਡਾ. ਪਵਨ ਕੁਮਾਰ, ਡਾ. ਗਗਨਦੀਪ ਸਿੰਘ, ਖੰਡ ਮਿੱਲ ਵੱਲੋਂ ਮੁੱਖ ਗੰਨਾ ਅਧਿਕਾਰੀ ਸੰਜੇ ਸਿੰਘ ਤੇ ਕਿਸਾਨਾਂ ਵਲੋਂ ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਗੁਰਨਾਮ ਸਿੰਘ ਜਹਾਨ ਪੁਰ, ਸਤਨਾਮ ਸਿੰਘ ਬਾਗੜੀਆਂ, ਅਵਤਾਰ ਸਿੰਘ ਬੌਬੀ, ਐਸਕੇਐਮ ਦੇ ਆਗੂ ਸੁਖਦੇਵ ਸਿੰਘ ਭੋਜਰਾਜ, ਅਵਤਾਰ ਸਿੰਘ ਬੌਬੀ ਅਤੇ ਉਂਕਾਰ ਸਿੰਘ ਪੁਰਾਣਾ ਭੰਗਾਲਾ ਸ਼ਾਮਲ ਹੋਏ। ਇਸ ਦੌਰਾਨ ਚੱਲੀ ਕਰੀਬ 3 ਗੇੜ ਦੀ ਮੀਟਿੰਗ ਉਪਰੰਤ ਉਕਤ ਸਮਝੌਤਾ ਸਿਰੇ ਚੜ੍ਹਿਆ। ਇਸ ਮੌਕੇ ਕੇਨ ਕਮਿਸ਼ਨਰ ਨੇ ਕਿਹਾ ਕਿ ਜੇ ਖੰਡ ਮਿੱਲ ਸਮਝੌਤੇ ਉੱਤੇ ਖ਼ਰੀ ਨਹੀਂ ਉਤਰਦੀ ਤਾਂ ਮਿੱਲ ਖਿਲਾਫ਼ ਸਖ਼ਤੀ ਵਰਤੀ ਜਾਵੇਗੀ।
ਕਿਸਾਨਾਂ ਵੱਲੋਂ ਜਿੰਪਾ ਦੀ ਕੋਠੀ ਦਾ ਘਿਰਾਓ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਕੰਢੀ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਰੋਸ ਵਿੱਚ ਅੱਜ ਕਿਸਾਨ ਜਥੇਬੰਦੀਆਂ ਤੇ ਸਮਾਜਿਕ ਕਾਰਕੁਨਾਂ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ। ਵੱਡੀ ਗਿਣਤੀ ਵਿਖਾਵਾਕਾਰੀ ਜਦੋਂ ਮੰਤਰੀ ਦੇ ਘਰ ਨੇੜੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਥੇ ਉਨ੍ਹਾਂ ਮੰਤਰੀ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਤੇ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਜੇਕਰ ਨਹਿਰ ਨੂੰ ਹੇਠਾਂ ਤੋਂ ਪੱਕਾ ਕਰ ਦਿੱਤਾ ਗਿਆ ਤਾਂ ਪਾਣੀ ਸਿੰਮੇਗਾ ਨਹੀਂ ਤੇ ਧਰਤੀ ਬੰਜਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਦੋ ਹਫ਼ਤੇ ਪਹਿਲਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੂੰ ਅੱਜ ਮਜਬੂਰੀਵੱਸ ਮੰਤਰੀ ਦੇ ਘਰ ਦਾ ਘਿਰਾਓ ਕਰਨਾ ਪੈ ਰਿਹਾ ਹੈ। ਇਸ ਮੌਕੇ ਸ੍ਰੀ ਜਿੰਪਾ ਨੇ ਧਰਨਾਕਾਰੀਆਂ ਨਾਲ ਗੱਲ ਕੀਤੀ ਤੇ ਭਰੋਸਾ ਦਿਵਾਇਆ ਕਿ ਛੇਤੀ ਹੀ ਨਹਿਰ ਦਾ ਮਸਲਾ ਹੱਲ ਕੀਤਾ ਜਾਵੇਗਾ।