ਨਵੀਂ ਦਿੱਲੀ, 9 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਭਾਜਪਾ ਵਰਕਰਾਂ ਨੂੰ ਮਾਰਨ ਵਾਲਿਆਂ ਨੂੰ ਦੋਸ਼ੀ ਨਹੀਂ ਮੰਨਦੇ, ਕਿਉਂਕਿ ਉਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵਾਹਨ ਹੇਠ ਦਰੜਨ ਦੀ ਘਟਨਾ ਖਿਲਾਫ਼ ਆਪਣਾ ਗੁੱਸਾ ਕੱਢਿਆ ਸੀ। ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ’ਚ ਟਿਕੈਤ ਨੇ ਕਿਹਾ, ‘‘ਕਾਰਾਂ ਦੇ ਕਾਫ਼ਲੇ ਵੱਲੋਂ ਚਾਰ ਕਿਸਾਨਾਂ ਨੂੰ ਦਰੜੇ ਜਾਣ ਦੀ ਘਟਨਾ ਮਗਰੋਂ ਲਖੀਮਪੁਰ ਖੀਰੀ ਵਿੱਚ ਦੋ ਭਾਜਪਾ ਵਰਕਰਾਂ ਦੀ ਹੱਤਿਆ, ਜਵਾਬ ਵਿੱਚ ਕੀਤੀ ਕਾਰਵਾਈ ਸੀ।’’ ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ, 10 ਹਜ਼ਾਰ ਕਿਸਾਨਾਂ ਤੇ ਸਥਾਨਕ ਕਿਸਾਨਾਂ ਦੀ ਕਮੇਟੀ ਦੀ ਸਹਿਮਤੀ ਨਾਲ ਹੀ ਮ੍ਰਿਤਕਾਂ ਦੇ ਵਾਰਿਸਾਂ ਨੂੰ 45-45 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੇਣੇ ਤੈਅ ਹੋਏ ਸਨ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਯੂਪੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਭਰੋਸਾ ਨਹੀਂ ਹੈ, ਲਿਹਾਜ਼ਾ ਕਿਸਾਨਾਂ ਦੇ ਕਤਲਾਂ ਦੀ ਨਿਆਂਇਕ ਜਾਂਚ ਕੀਤੀ ਜਾਵੇ।
ਇਸੇ ਦੌਰਾਨ ਇੰਡੀਆ ਟੁਡੇ ਵੱਲੋਂ ਕਰਵਾਏ ਗਏ ਸੰਮੇਲਨ-2021 ਦੌਰਾਨ ‘ਗੁੱਸੇ ਦੇ ਬੀਜ: ਡਰ ਅਤੇ ਸੱਚ: ਖੇਤੀ ਸਕੰਟ ਦਾ ਹੱਲ ਕਿਵੇਂ ਕੀਤਾ ਜਾਵੇ’ ਵਿਸ਼ੇ ’ਤੇ ਕਰਵਾਈ ਗਈ ਚਰਚਾ ਵਿਚ ਸ਼ਾਮਲ ਹੁੰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਦੇਣ ਵਾਲੇ ਕਰੀਬ 750 ਕਿਸਾਨਾਂ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਇਕ ਵਾਰ ਸੰਸਦ ਵਿਚ ਦੁੱਖ ਜ਼ਾਹਿਰ ਕਰਨਾ ਚਾਹੀਦਾ ਹੈ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਭੰਡਦਿਆਂ ਦੋਸ਼ ਲਗਾਇਆ, ‘‘ਸਰਕਾਰ ਦਾ ਭਰੋਸਾ ਕਿ ਇਹੀ ਸਿਸਟਮ ਜਾਰੀ ਰਹੇਗਾ, ਸਿਰਫ਼ ਕਾਂਗਜ਼ਾਂ ਤੱਕ ਸੀਮਿਤ ਹੈ ਅਤੇ ਕਿਸਾਨ ਇਸ ਨੂੰ ਅਸਲੀਅਤ ਵਿਚ ਚਾਹੁੰਦੇ ਹਨ।’’ -ਪੀਟੀਆਈ