ਸਵਾਰਥੀ ਸਿਆਸਤ
21 ਅਗਸਤ ਦੇ ਸੰਪਾਦਕੀ ‘ਪੰਜਾਬ ਦੇ ਸਿਆਸੀ ਸਮੀਕਰਨ’ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਪਾਰਟੀਆਂ ਦੇ ਹਾਲਾਤ ਬਾਰੇ ਪੜ੍ਹਿਆ। ਇਸ ਵਿਚ ਵੱਖ ਵੱਖ ਪਾਰਟੀਆਂ ਦੁਆਰਾ ਹੋਰ ਪਾਰਟੀਆਂ ਦੇ ਬਾਗੀਆਂ ਨੂੰ ਸ਼ਾਮਿਲ ਕਰ ਕੇ ਆਪਣਾ ਕੁਨਬਾ ਵਧਾਉਣ ਦਾ ਜ਼ਿਕਰ ਹੈ। ਦਰਅਸਲ ਬਹੁਤੇ ਆਗੂ ਹੁਣ ਲੋਕ ਹਿੱਤ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਲਈ ਅਜਿਹਾ ਕਰਦੇ ਹਨ।
ਰਾਵਿੰਦਰ ਫਫੜੇ, ਈਮੇਲ
ਸੱਚ ਦਾ ਰਾਹੀ
20 ਅਗਸਤ ਨੂੰ ਦਮਨਜੀਤ ਕੌਰ ਦਾ ਮਿਡਲ ‘ਵਿਗਿਆਨ ਚੇਤਨਾ ਦੀ ਮਸ਼ਾਲ ਸੀ ਡਾ. ਦਾਭੋਲਕਰ’ ਵਧੀਆ ਸੀ। ਡਾ. ਨਰਿੰਦਰ ਦਾਭੋਲਕਰ ਸੱਚ ਦਾ ਰਾਹੀ ਸੀ ਜਿਸ ਨੇ ਆਪਣਾ ਪੂਰਾ ਜੀਵਨ ਲੋਕਾਂ ਅੰਦਰੋਂ ਅੰਧ-ਵਿਸ਼ਵਾਸ ਦੂਰ ਕਰਨ ਵਿਚ ਲਗਾ ਦਿੱਤਾ। ਉਸ ਦੇ ਕਾਤਲਾਂ ਨੂੰ ਭਰਮ ਸੀ ਕਿ ਉਸ ਦੀ ਮੌਤ ਨਾਲ ਉਸ ਦੀ ਤਰਕਸ਼ੀਲ ਸੋਚ ਤੇ ਸਮਾਜਿਕ ਬਰਾਬਰੀ ਵਾਲੀ ਆਵਾਜ਼ ਬੰਦ ਹੋ ਜਾਵੇਗੀ ਪਰ ਉਨ੍ਹਾਂ ਦੇ ਸਾਥੀ ਲਗਤਾਰ ਜੱਦੋਜਹਿਦ ਵਿਚ ਹਨ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ
ਮੁਲਕ ਵੰਡ
19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਉਮਰਾਂ ਲੰਘੀਆਂ ਪੱਬਾਂ ਭਾਰ…’ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਦੇਸ਼ ਵੰਡ ਕਿੰਨੀ ਭਿਆਨਕ ਸੀ ਅਤੇ ਇਸ ਦੁਖਾਂਤ ਦਾ ਚਿਤਰਨ ਕਿੰਨੇ ਬੁੱਧੀਜੀਵੀਆਂ ਨੇ ਕੀਤਾ ਅਤੇ ਕਰ ਰਹੇ ਹਨ। ਇਨ੍ਹਾਂ ਲਿਖਤਾਂ ਦਾ ਅਰਥ ਅਤੇ ਵੰਡ ਦੀ ਭਿਅੰਕਰਤਾ ਨੂੰ ਯਾਦ ਕਰਵਾਉਣ ਵਾਲੇ ਦਾ ਮਕਸਦ ਅਤੇ ਅਰਥ ਵੱਖ ਵੱਖ ਹੈ। ਦੇਸ਼ ਵਾਸੀ ਕਿਤੇ ਇਹ ਅਰਥ ਸਮਝਦੇ ਹੋਏ ਵੀ ਅਨਜਾਣ ਨਾ ਬਣ ਜਾਣ।
ਜਗਰੂਪ ਸਿੰਘ, ਲੁਧਿਆਣਾ
ਬੁੱਤਾਂ ’ਤੇ ਸਿਆਸਤ
18 ਅਗਸਤ ਨੂੰ ਪੰਨਾ ਨੰਬਰ 4 ’ਤੇ ਤਸਵੀਰ ਸਮੇਤ ਖ਼ਬਰ ਛਪੀ ਹੈ: ‘ਸ਼ਹੀਦ ਊਧਮ ਸਿੰਘ ਦੇ ਬੁੱਤ ਬਾਰੇ ਛਿੜਿਆ ਨਵਾਂ ਵਿਵਾਦ।’ ਇਸ ਤੋਂ ਪਹਿਲਾਂ ਵੀ ਸ਼ਹੀਦ ਦੇ ਬੁੱਤਾਂ ਬਾਰੇ ਸਿਆਸਤ ਹੁੰਦੀ ਰਹੀ ਹੈ। ਪਹਿਲਾਂ ਸ਼ਹੀਦ ਦਾ ਬੁੱਤ ਮੋਨੇ ਸ਼ਕਲ ਵਾਲਾ ਲਾਇਆ ਪਰ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਇਸ ’ਤੇ ਸਿਆਸਤ ਹੋਣ ਲੱਗ ਪਈ। ਫਿਰ ਫਲਾਈਓਵਰ ਪਾਸ ਪਗੜੀਧਾਰੀ ਬੁੱਤ ਲਾ ਦਿੱਤਾ। ਹੁਣ ਹੱਥ ਵਿਚ ਕਿਤਾਬ ਫੜਾ ਦਿੱਤੀ। ਕਿੰਨਾ ਚੰਗਾ ਹੁੰਦਾ ਜੇ ਸਰਕਾਰ ਬੁੱਤ ’ਤੇ ਆਇਆ ਖ਼ਰਚਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ’ਤੇ ਖ਼ਰਚ ਕਰਦੀ। ਹੁਣ ਤਾਂ ਸੁਨਾਮ ’ਚ ਸ਼ਹੀਦ ਊਧਮ ਸਿੰਘ ਦੇ ਕਈ ਬੁੱਤ ਹਨ। ਅੱਜ ਅਸੀਂ ਊਧਮ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਥਾਂ ਉਸ ਨੂੰ ਆਪਣੇ ਸਿਆਸੀ ਲਾਭ ਲਈ ਹਿੰਦੂ ਸਿੱਖ ਵਖਰੇਵੇਂ ਵਾਲੀ ਸਿਆਸਤ ਦੇ ਰਾਹ ਪੈ ਗਏ ਹਾਂ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਪੀਚੋ ਦੇ ਰੰਗ
14 ਅਗਸਤ ਦੇ ਸਤਰੰਗ ਪੰਨੇ ’ਤੇ ਸੁਖਵੀਰ ਸਿੰਘ ਕੰਗ ਦਾ ਲੇਖ ‘ਬਹੁਮੁਲਕੀ ਵਿਰਾਸਤੀ ਖੇਡ ਪੀਚੋ’ ਗਿਆਨ ਭਰਪੂਰ ਹੈ। ਹਰ ਬੱਚੇ ਨੇ ਆਪਣੇ ਬਚਪਨ ਦੌਰਾਨ ਪੀਚੋ ਦਾ ਆਨੰਦ ਮਾਣਿਆ ਹੈ। ਲੇਖਕ ਨੇ ਮੁੱਢ ਤੋਂ ਲੈ ਕੇ ਹੁਣ ਤਕ ਦੀ ਹਾਲਤ ਬਾਰੇ ਸੁਚੱਜੇ ਢੰਗ ਨਾਲ ਚਾਨਣਾ ਪਾਇਆ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਧਰਨੇ ਪ੍ਰਦਰਸ਼ਨ
14 ਅਗਸਤ ਦੇ ਮਿਡਲ ‘ਧਰਨੇ, ਪ੍ਰਦਰਸ਼ਨ ਅਤੇ ਆਮ ਲੋਕ’ ਵਿਚ ਦਲਜੀਤ ਸਿੰਘ ਰਤਨ ਨੇ ਸਹੀ ਲਿਖਿਆ ਹੈ ਕਿ ਧਰਨੇ ਅਤੇ ਪ੍ਰਦਰਸ਼ਨ ਸਰਕਾਰ ਤਕ ਆਪਣੇ ਰੋਸ ਅਤੇ ਆਵਾਜ਼ ਪਹੁੰਚਾਉਣ ਦਾ ਸਾਧਨ ਹੁੰਦੇ ਹਨ ਲੇਕਿਨ ਇਹ ਇਸ ਹਿਸਾਬ ਨਾਲ ਨਹੀਂ ਕੀਤੇ ਜਾਣੇ ਚਾਹੀਦੇ ਕਿ ਇਹ ਜਨਤਾ ਵੱਲੋਂ ਸਮਰਥਨ ਦੀ ਬਜਾਇ ਨਾਰਾਜ਼ਗੀ ਹੀ ਸਹੇੜ ਲੈਣ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਪ੍ਰਾਈਵੇਟ ਮੰਡੀਆਂ
13 ਅਗਸਤ ਨੂੰ ਡਾ. ਸੁਖਪਾਲ ਸਿੰਘ ਦਾ ਲੇਖ ‘ਖੇਤੀਬਾੜੀ ਕਾਨੂੰਨ: ਇਹ ਜਮੂਦ ਕਿਉਂ?’ ਪੜ੍ਹ ਕੇ ਅਹਿਸਾਸ ਹੋਇਆ ਕਿ ਕਾਰਪੋਰੇਟ ਘਰਾਣੇ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ ’ਤੇ ਕਾਬਜ਼ ਹੋ ਕੇ ਪ੍ਰਾਈਵੇਟ ਮੰਡੀਆਂ ਦਾ ਵਿਸਥਾਰ ਕਰ ਕੇ ਆਪਣਾ ਕੰਟਰੋਲ ਕਰਨਾ ਚਾਹੁੰਦੇ ਹਨ। ਸੋ, ਜਨਤਾ ਦੇ ਆਰਥਿਕ ਸੁਖਾਵੇਂ ਮਾਹੌਲ ਲਈ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।
ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ, ਪਟਿਆਲਾ
ਵਜੂਦ ਦੀ ਤਲਾਸ਼
11 ਅਗਸਤ ਨੂੰ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਗੁਰਚਰਨ ਕੌਰ ਥਿੰਦ ਦੀ ਕਹਾਣੀ ‘ਵਜੂਦ ਦੀ ਤਲਾਸ਼’ ਪੜ੍ਹੀ ਜੋ ਆਦਿ ਵਾਸੀ ਲੜਕੀ ਬਾਰੇ ਸੀ। ਮੇਰੇ ਖਿਆਲ ਵਿਚ ਅਸੀਂ ਪੰਜਾਬੀ ਵੀ ਆਪਣੇ ਵਜੂਦ ਤੋਂ ਦੂਰ ਜਾ ਰਹੇ ਹਾਂ। ਇਨ੍ਹਾਂ ਲੋਕਾਂ ਨਾਲ ਤਾਂ ਧੱਕਾ ਹੋਇਆ, ਕਿਉਂਕਿ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ ਜਾਂ ਇਹ ਬਹੁਤ ਆਮ ਦੁਨੀਆ ਨਾਲੋਂ ਪਿੱਛੇ ਸੀ ਪਰ ਅਸੀਂ ਪੰਜਾਬੀ ਸਭ ਕੁਝ ਹੁੰਦੇ ਹੋਏ ਵੀ ਆਪਣੇ ਵਜੂਦ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹੁਣ ਸਵਾਲ ਹੈ: ਇਨ੍ਹਾਂ ਹਾਲਾਤ ਵਿਚ ਸਾਡਾ ਬਣੇਗਾ ਕੀ? ਸਾਨੂੰ ਇਸ ਬਾਰੇ ਹੁਣ ਬਹੁਤ ਗੰਭੀਰਤਾ ਅਤੇ ਸੰਜੀਦਗੀ ਨਾਲ ਸੋਚਣਾ-ਵਿਚਾਰਨਾ ਚਾਹੀਦਾ ਹੈ।
ਖੁਸ਼ਿਵੰਦਰ ਸਿੰਘ, ਈਮੇਲ
ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ
19 ਅਗਸਤ ਕੁਲਦੀਪ ਸਿੰਘ ਧਨੌਲਾ ਦਾ ਲੇਖ ‘ਮੋਬਾਈਲ ਅਖ਼ਬਾਰ ਦੀਆਂ ਬਰਕਤਾਂ’ ਪੜ੍ਹਿਆ। ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦਾ ਜਨਜੀਵਨ ਉਥਲ-ਪੁਥਲ ਹੋ ਗਿਆ। ਕੰਮ ਧੰਦੇ ਸਭ ਕੁਝ ਖ਼ਤਮ ਹੋ ਗਏ। ਉੱਪਰੋਂ ਮਹਿੰਗਾਈ ਨੇ ਗ਼ਰੀਬਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ। ਸਭ ਤੋਂ ਵੱਧ ਨੁਕਸਾਨ ਬੱਚਿਆਂ ਦੀ ਪੜ੍ਹਾਈ ਦਾ ਹੋਇਆ। ਮੋਬਾਈਲ ਫ਼ੋਨਾਂ ਰਾਹੀਂ ਪੜ੍ਹਾਈ ਨੇ ਬੱਚਿਆਂ ਦੀਆਂ ਆਦਤਾਂ ਵਿਗਾੜ ਦਿੱਤੀਆਂ। ਉਹ ਕਲਾਸ ਖ਼ਤਮ ਹੋਣ ਤੋਂ ਬਾਅਦ ਵੀ ਸਾਰਾ ਦਿਨ ਮੋਬਾਈਲ ਲੈ ਕੇ ਬੈਠੇ ਰਹਿੰਦੇ ਹਨ। ਪਰਿਵਾਰਾਂ ਦਾ ਆਪਸੀ ਰਾਬਤਾ ਵੀ ਮੋਬਾਈਲ ਨੇ ਖੋਹ ਲਿਆ ਹੈ। ਇਹ ਘਾਟਾ ਸ਼ਾਇਦ ਕਦੀ ਪੂਰਾ ਨਹੀਂ ਹੋਣਾ।
ਬੂਟਾ ਸਿੰਘ ਚਤਾਮਲਾ (ਰੂਪਨਗਰ)