ਸਰਕਾਰ ਨੂੰ ਹਲੂਣਾ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੇ ਲੇਖ ‘ਉਹ ਸਾਹ ਲੈਣਾ ਭੁੱਲ ਗਏ…’ ਨੇ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਹੈ। ਚਾਪਲੂਸੀ ਵਿਚ ਗ਼ਲਤਾਨ ਹਾਕਮ ਆਲੋਚਨਾ ਤੋਂ ਘਬਰਾਉਂਦੇ ਹਨ। ਜਾਪਦਾ ਹੈ ਕਿ ਸਰਕਾਰ ਨੇ ਝੂਠ ਨੂੰ ਆਪਣੀ ਕਾਮਯਾਬੀ ਦਾ ਹਥਿਆਰ ਬਣਾ ਲਿਆ ਹੈ। ਪਾਰਲੀਮੈਂਟ ਵਿਚ ਝੂਠੇ ਤੇ ਗ਼ਲਤ ਅੰਕੜ ਪੇਸ਼ ਕੀਤੇ ਜਾਂਦੇ ਹਨ।
ਸੁਖਦੇਵ ਧੂਰੀ, ਈਮੇਲ
ਆਰਥਿਕ ਸੁਧਾਰਾਂ ਦੀ ਮਾਰ
24 ਜੁਲਾਈ ਨੂੰ ਡਾ. ਕੇਸਰ ਸਿੰਘ ਭੰਗੂ ਦਾ ਲੇਖ ਪੜ੍ਹਿਆ। ਲੇਖਕ ਨੇ ‘ਮੁਲਕ ਅੰਦਰ ਆਰਥਿਕ ਸੁਧਾਰਾਂ ਦੇ ਤੀਹ ਸਾਲ’ ਲੇਖ ਵਿਚ ਸਹਿਜ ਨਾਲ ਸਮਝ ਆ ਜਾਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਹਾਲਾਂਕਿ ਇਹ ਵਿਸ਼ਾ ਬੜਾ ਜਟਿਲ ਅਤੇ ਖੁਸ਼ਕ ਹੈ। ਅੱਜ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਮਾਜ ’ਤੇ ਡਾਢਾ ਅਸਰ ਪਾ ਰਹੀਆਂ ਹਨ, ਇਨ੍ਹਾਂ ਆਰਥਿਕ ਸੁਧਾਰਾਂ ਦੀ ਹੀ ਦੇਣ ਹਨ। ਇਸੇ ਸਹਿਮ ਵਿਚੋਂ ਉਪਜਿਆ ਕਿਸਾਨੀ ਸੰਘਰਸ਼ ਇਨ੍ਹਾਂ ਸੁਧਾਰਾਂ ’ਤੇ ਪੁਨਰ ਵਿਚਾਰ ਕਰਨ ਦੀ ਮੰਗ ਦੁਹਰਾ ਰਿਹਾ ਹੈ।
ਇੰਦਰਜੀਤ ਸਿੰਘ ਬਾਲਾ, ਬਹਿਰਾਮਪੁਰ ਜ਼ਿਮੀਦਾਰਾਂ (ਰੂਪਨਗਰ)
ਮਤਲਬਪ੍ਰਸਤੀ
22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਲੇਖ ‘ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ’ ਪੜ੍ਹਿਆ। ਇਹ ਦੋਵੇਂ ਪਾਰਟੀਆਂ ਸਿਆਸਤ ਅਤੇ ਧਰਮ ਨੂੰ ਰਲਗੱਡ ਕਰਕੇ ਦੇਖਦੀਆਂ ਹਨ। ਇਨ੍ਹਾਂ ਦਾ ਗੱਠਜੋੜ ਸੱਤਾ ਪ੍ਰਾਪਤੀ ਤੋਂ ਵੱਧ ਕੁਝ ਵੀ ਨਹੀਂ। ਬਾਦਲ ਪਰਿਵਾਰ ਨੇ ਇਸ ਸਿਆਸੀ ਸਾਂਝ ਦਾ ਵੱਧ ਲਾਭ ਖ਼ੁਦ ਹੀ ਲਿਆ ਹੈ ਅਤੇ ਭਾਜਪਾ ਦੇ ਗ਼ਲਤ ਫ਼ੈਸਲੇ ਵੀ ਅੱਖਾਂ ਬੰਦ ਕਰ ਕੇ ਮੰਨੇ। ਇਹ ਸਿਆਸੀ ਮਤਲਬਪ੍ਰਸਤੀ ਹੈ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਕਿਰਤੀ ਹਾਲੋਂ-ਬੇਹਾਲ
20 ਜੁਲਾਈ ਨੂੰ ਡਾ. ਸ ਸ ਛੀਨਾ ਦਾ ਲੇਖ ‘ਚੌਕਾਂ ਵਿਚ ਕਿਰਤੀਆਂ ਦੀਆਂ ਮੰਡੀਆਂ ਕਦੋਂ ਤਕ?’ ਪੜ੍ਹਿਆ। ਬੇਰੁਜ਼ਗਾਰੀ ਨਾਲ ਕਿਰਤੀਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸੱਚਮੁੱਚ ਹੀ ਪਸ਼ੂਆਂ ਦੀ ਮੰਡੀ ਤੋਂ ਵੀ ਭੈੜੀ ਹਾਲਤ ਹੈ। ਬਿਨਾ ਕੰਮ ਮਿਲੇ ਜਦੋਂ ਕੋਈ ਮਜ਼ਦੂਰ ਖਾਲੀ ਹੱਥ ਘਰ ਜਾਂਦਾ ਹੋਵੇਗਾ ਤਾਂ ਉਸ ਅਤੇ ਉਸ ਦੇ ਪਰਿਵਾਰ ’ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਹੀ ਜਾਣਦੇ ਹਨ। ਸਰਕਾਰ ਨੂੰ ਇਸ ਹਾਲਤ ਵਿਚ ਵਿਚਰਨ ਵਾਲੇ ਕਾਮਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਹਰਜਿੰਦਰ ਛਿੰਦਾ, ਪਿੰਡ ਨਥਾਣਾ (ਬਠਿੰਡਾ)
ਜ਼ਬਾਨਬੰਦੀ ਦੀ ਕੋਸ਼ਿਸ਼
20 ਜੁਲਾਈ ਨੂੰ ਸੰਪਾਦਕੀ ‘ਵਰਜਿਤ ਕਹਾਣੀਆਂ’ ਪੜ੍ਹਿਆ। ਇਸ ਵਿਚ ਵੱਖ ਵੱਖ ਪੱਤਰਕਾਰਾਂ ਦੇ ਕੰਮ-ਕਾਰ ਬਦਲੇ ਉਨ੍ਹਾਂ ਦੇ ਕਤਲ ਅਤੇ ਹੁਣ ਭਾਰਤ ਵਿਚ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਵੱਖ ਵੱਖ ਕਾਰਕੁਨਾਂ, ਪੱਤਰਕਾਰਾਂ, ਜੱਜਾਂ ਅਤੇ ਅਹਿਮ ਸਿਆਸੀ ਲੋਕਾਂ ਦੀ ਜਾਸੂਸੀ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤ ਵਰਗੇ ਲੋਕਤੰਤਰੀ ਮੁਲਕ ਵਿਚ ਅਜਿਹੇ ਕੋਝੇ ਹਥਕੰਡੇ ਵਰਤ ਕੇ ਲੋਕਾਂ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਬੇਹੱਦ ਸ਼ਰਮਨਾਕ ਹੈ।
ਮਾਸਟਰ ਭਗਵਾਨ ਸਿੰਘ, ਜਲਾਲਾਬਾਦ (ਫ਼ਾਜ਼ਿਲਕਾ)
ਦਾਨਿਸ਼ ਸਿਦੀਕੀ ਦੀ ਕਹਾਣੀ
19 ਜੁਲਾਈ ਦੇ ਮਿਡਲ ‘ਸੰਘਰਸ਼ ਤੇ ਬੇਵਸੀ ਦੀ ਅੱਕਾਸੀ ਵਾਲਾ ਫ਼ੋਟੋਗ੍ਰਾਫ਼ਰ’ (ਲੇਖਕ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ) ਨੇ ਝੰਜੋੜ ਦਿੱਤਾ। 32 ਵਰ੍ਹਿਆਂ ਦਾ ਦਾਨਿਸ਼ ਸਿਦੀਕੀ ਸਚਮੁੱਚ ਕਮਾਲ ਦਾ ਫ਼ੋਟੋ ਪੱਤਰਕਾਰ ਸੀ। ਉਸ ਨੇ ਵੱਖ ਵੱਖ ਫਰੰਟਾਂ ’ਤੇ ਜਾਨ ਜੋਖਿ਼ਮ ਵਿਚ ਪਾ ਕੇ ਮਿਸਾਲੀ ਤਸਵੀਰਾਂ ਖਿੱਚੀਆਂ। ਇਸ ਕਾਬਲੀਅਤ ਕਰ ਕੇ ਉਸ ਨੂੰ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲੇ। ਉਸ ਦਾ ਇਸ ਤਰ੍ਹਾਂ ਚਲੇ ਜਾਣਾ ਪੱਤਰਕਾਰੀ ਦੇ ਖੇਤਰ ਦਾ ਵੱਡਾ ਘਾਟਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਕਿਸਾਨ ਅੰਦੋਲਨ ਦਾ ਲੇਖਾਜੋਖਾ
17 ਜੁਲਾਈ ਨੂੰ ਬਲਵੀਰ ਸਿੰਘ ਰਾਜੇਵਾਲ ਦਾ ਲੇਖ ‘ਕਿਸਾਨ ਅੰਦੋਲਨ: ਲੇਖਾਜੋਖਾ ਤੇ ਭਵਿੱਖ’ ਪੜ੍ਹਿਆ। ਲੇਖਕ ਨੇ 26 ਨਵੰਬਰ 2020 ਤੋਂ ਲੈ ਕੇ ਅੱਜ ਤਕ ਦੇ ਕਿਸਾਨੀ ਅੰਦੋਲਨ ਬਾਰੇ ਅਹਿਮ ਟਿੱਪਣੀ ਕੀਤੀ ਹੈ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਕੁੱਜੇ ਵਿਚ ਸਮੁੰਦਰ
9 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੱਤਪਾਲ ਸਿੰਘ ਦਿਓਲ ਦੀ ਰਚਨਾ ‘ਹਿਜਰਤ’ ਕੁੱਜੇ ਵਿਚ ਸਮੁੰਦਰ ਹੈ। ਨਸ਼ਿਆਂ ਨਾਲ ਤਬਾਹ ਹੁੰਦੀਆਂ ਜ਼ਿੰਦਗੀਆਂ ਦੇਖ ਕੇ ਹਰ ਕੋਈ ਜਿਗਰ ਦੇ ਟੁਕੜਿਆਂ ਨੂੰ ਸੱਤ ਸਮੁੰਦਰੋਂ ਪਾਰ ਭੇਜਣ ਲਈ ਕਾਹਲਾ ਹੈ। ਇਹ ਪੰਜਾਬ ਦੀ ਤ੍ਰਾਸਦੀ ਹੈ।
ਜਗਜੀਤ ਸਿੰਘ, ਈਮੇਲ
(2)
ਸੱਤਪਾਲ ਦਿਓਲ ਨੇ ਆਪਣੇ ਮਿਡਲ ‘ਹਿਜਰਤ’ ਵਿਚ ਹਿਜਰਤ, ਭਾਵ ਖ਼ੁਦ ਹੀ ਦੇਸ਼ ਨਿਕਾਲ ਹੋਣਾ ਅਤਿ ਭ੍ਰਿਸ਼ਟਾਚਾਰ ਮਾਹੌਲ ’ਚ ਰਹਿਣ ਨਾਲੋਂ ਚੰਗਾ ਹੈ, ਬਾਰੇ ਚਰਚਾ ਕੀਤੀ ਹੈ। ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ’ ਅਤੇ ‘ਡੂੰਘਾ ਵਾਹ ਲੈ ਹਲ ਵੇ, ਤੇਰੀ ਘਰ ਹੀ ਨੌਕਰੀ’ ਮੁਤਾਬਿਕ ਹਿਜਰਤ ਭਾਵ ਉਜੜਨਾ ਚੰਗਾ ਨਹੀਂ ਸਮਝਿਆ ਜਾਂਦਾ ਲੇਕਿਨ ਹੁਣ ਮਿਆਂਮਾਰ ਵਾਂਗ ਭਾਰਤ, ਖ਼ਾਸਕਰ ਪੰਜਾਬ ਦੇ ਹਾਲਾਤ ਮਾੜੇ ਹਨ। ਪੁਲੀਸ ਸ਼ਰੇਆਮ ਵਰਤੀ ਜਾਂਦੀ ਚੀਨ ਦੀ 250 ਗ੍ਰਾਮ ਦੀ ਪਲਾਸਟਿਕ ਡੋਰ ਨੂੰ ਰੋਕ ਨਹੀਂ ਸਕੀ ਤਾਂ ਦਸ ਗ੍ਰਾਮ ਚਿੱਟਾ ਭਾਵ ਹੈਰੋਇਨ ਜਾਂ ਗਾਂਜਾ ਕਿਵੇਂ ਰੋਕ ਲਵੇਗੀ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਜਲ ਸੰਕਟ ਅਤੇ ਬਾਘ
17 ਜੁਲਾਈ ਦੇ ਇੰਟਰਨੈੱਟ ਪੰਨੇ ‘ਤਬਸਰਾ’ ਵਿਚ ਰਿਪਨਜੋਤ ਕੌਰ ਸੋਨੀ ਬੱਗਾ ਦਾ ਲੇਖ ‘ਹਿਮਾਲਿਆ ਦੇ ਪਿਘਲਦੇ ਗਲੇਸ਼ੀਅਰ ਜਲ ਸੰਕਟ’ ਜਲ ਸੰਕਟ ਬਾਰੇ ਜਾਣਕਾਰੀ ਦਿੰਦਾ ਹੈ। ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ, ਜਲ ਹੀ ਜੀਵਨ ਹੈ। ਇਸੇ ਤਰ੍ਹਾਂ 17 ਜੁਲਾਈ ਨੂੰ ਸਤਰੰਗ ਪੰਨੇ ਉੱਤੇ ਰਿਪਨਜੋਤ ਕੌਰ ਸੋਨੀ ਬੱਗਾ ਦਾ ਬਾਘ ਬਾਰੇ ਲੇਖ ਵੀ ਜਾਣਕਾਰੀ ਭਰਪੂਰ ਸੀ। ਗਿਆਨ ਵਿਚ ਵਾਧਾ ਕਰਨ ਵਾਲੇ ਅਜਿਹੇ ਲੇਖ ਛਪਦੇ ਰਹਿਣੇ ਚਾਹੀਦੇ ਹਨ।
ਅਜਿੰਦਰਪਾਲ ਸਿੰਘ, ਮੁੰਬਈ