ਪ੍ਰਾਈਵੇਟ ਅਦਾਰਿਆਂ ’ਤੇ ਨਿਰਭਰਤਾ ਫਲਾਪ
2 ਜੁਲਾਈ ਦੇ ਸੰਪਾਦਕੀ ‘ਬਿਜਲੀ ਸੰਕਟ’ ਵਿਚ ਬਿਜਲੀ ਸੰਕਟ ਦਾ ਮੁੱਦਾ ਉਠਾਇਆ ਗਿਆ ਹੈ। ਅੱਜ ਪੰਜਾਬ ਵਿਚ ਬਿਜਲੀ ਦਾ ਸੰਕਟ ਬਹੁਤ ਗਹਿਰਾਇਆ ਹੋਇਆ ਹੈ। ਸੂਬੇ ਭਰ ਵਿਚ ਹਾਹਾਕਾਰ ਮੱਚੀ ਹੋਈ ਹੈ। ਭਾਰਤ ਭਰ ਵਿਚ ਮਹਿੰਗੇ ਭਾਅ ਬਿਜਲੀ ਖਰੀਦਦੇ ਲੋਕ ਬਿਜਲੀ ਕੱਟ ਦੀ ਮਾਰ ਸਹਿ ਰਹੇ ਹਨ। ਥਾਂ ਥਾਂ ਜਾਮ ਲੱਗ ਰਹੇ ਨੇ। ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਅਤੇ ਗਰਮੀ ਦੌਰਾਨ ਬਿਜਲੀ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਕੋਈ ਉਚੇਚੇ ਅਤੇ ਅਗਾਊਂ ਪ੍ਰਬੰਧ ਨਹੀਂ ਕੀਤੇ। ਜੋ ਗੱਲ ਹੁਣ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਸਰਕਾਰ ਨੇ ਸਾਰਾ ਦਾਰੋਮਦਾਰ ਪ੍ਰਾਈਵੇਟ ਅਦਾਰਿਆਂ ਦੇ ਹੱਥ ਦਿੱਤਾ ਹੈ, ਉਹ ਬਿਲਕੁਲ ਫ਼ਲਾਪ ਸਿੱਧ ਹੋ ਰਿਹਾ ਹੈ। ਹੁਣ ਲੋੜ ਹੈ ਬਠਿੰਡਾ ਥਰਮਲ ਪਲਾਂਟ ਜਿਸ ਨੂੰ ਬੰਦ ਕਰਨ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਮੁਰੰਮਤ ਕੀਤਾ ਗਿਆ ਸੀ, ਦੁਬਾਰਾ ਚਲਾਇਆ ਜਾਵੇ।
ਅਮਰਜੀਤ ਸਿੰਘ ਅਮਨੀਤ, ਈਮੇਲ
ਆਰਥਿਕ ਨੀਤੀਆਂ ਦੀ ਮਾਰ
2 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਕਾਸ਼ਿਤ ਡਾ. ਸੁਖਦੇਵ ਸਿੰਘ ਦਾ ਲੇਖ ‘ਨਵੀਆਂ ਆਰਥਿਕ ਨੀਤੀਆਂ ਦੇ ਤਿੰਨ ਦਹਾਕੇ’ ਪੜ੍ਹਨ ’ਤੇ ਪਤਾ ਲੱਗਦਾ ਹੈ ਕਿ ਜੁਲਾਈ 1991 ਵਿਚ ਲਾਗੂ ਕੀਤੀਆਂ ਨਵੀਆਂ ਆਰਥਿਕ ਨੀਤੀਆਂ ਜਿਨ੍ਹਾਂ ਨੂੰ ਨਵਉਦਾਰਵਾਦੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨਾਲ ਸਾਧਾਰਨ ਇਨਸਾਨ ਦੀ ਜ਼ਿੰਦਗੀ ਰੁਕ ਗਈ ਹੈ। ਇਸ ਦੇ ਉਲਟ ਪੂੰਜੀਪਤੀ ਘਰਾਣਿਆਂ ਦਾ ਸਰਮਾਇਆ ਕੌੜੀ ਵੇਲ ਵਾਂਗ ਵਧ ਰਿਹਾ ਹੈ। ਇਉਂ ਆਰਥਿਕ ਪਾੜਾ ਵਧਣ ਦੇ ਨਾਲ ਨਾਲ ਸਮਾਜ ਵਿਚ ਗ਼ਰੀਬੀ, ਮਹਿੰਗਾਈ, ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਮਲਜੀਤ ਸਿੰਘ ਬੁਜਰਗ (ਲੁਧਿਆਣਾ)
ਮਾਸੂਮਾਂ ਦਾ ਦੁੱਖ ਦਰਦ
2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਤ੍ਰੈਲੋਚਨ ਲੋਚੀ ਦਾ ਮਿਡਲ ‘ਖ਼ਰਾ ਸੌਦਾ’ ਪੜ੍ਹਦਿਆਂ ਮੈਂ ਵੀ ਸੋਚਾਂ ਦੇ ਵਹਿਣ ਵਿਚ ਵਹਿ ਤੁਰਿਆ। ਬੜੇ ਵਿਰਲੇ ਇਨਸਾਨ ਹੁੰਦੇ ਨੇ ਜੋ ਦੂਜਿਆਂ ਦੇ ਦੁੱਖ-ਦਰਦ ਨੂੰ ਦੇਖ ਕੇ, ਮਹਿਸੂਸ ਕਰ ਕੇ ਬੜੀ ਛੇਤੀ ਭਾਵੁਕ ਹੋ ਜਾਂਦੇ ਨੇ, ਜਿਵੇਂ ਰਚਨਾ ਵਿਚਲਾ ਪਾਤਰ ਆਤਮਾ ਗੁੰਗੇ-ਬੋਲੇ ਮਾਸੂਮ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰਦਾ ਹੋਇਆ ਆੜ੍ਹਤੀ ਕੋਲੋਂ ਲਿਆਂਦਾ 500 ਰੁਪਿਆ ਉਨ੍ਹਾਂ ਮਾਸੂਮਾਂ ਨੂੰ ਦੇ ਦਿੰਦਾ ਹੈ। ਹਾਲਾਂਕਿ ਇਹ ਰਕਮ ਉਸ ਦੇ ਪਿਤਾ ਨੇ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਮੰਗਵਾਈ ਸੀ। ਕਾਸ਼! ਸਾਡੇ ਸਮਾਜ ਦੇ ਬੇਦਰਦ ਲੋਕ ਵੀ ਆਤਮਾ ਸਿਉਂ ਬਣ ਜਾਣ !! ਇਸ ਤੋਂ ਪਹਿਲਾਂ 26 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖੁਸ਼ੀਆਂ ਦੀ ਕਿਣ-ਮਿਣ’ ਸੋਚਣ ਲਈ ਮਜਬੂਰ ਕਰਦਾ ਹੈ। ਲਿਖਤ ਵਿਚ ਮਨੋ-ਵਿਗਿਆਨਕ ਛੋਹਾਂ ਹਨ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਧਨਾਢਾਂ ਦੇ ਵਾਰੇ-ਨਿਆਰੇ
ਪਹਿਲੀ ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਔਨੰਦਿਓ ਚਕਰਵਤੀ ਦਾ ਲੇਖ ‘ਆਰਥਿਕ ਸੁਧਾਰਾਂ ’ਚ ਧਨਾਢਾਂ ਦੇ ਵਾਰੇ-ਨਿਆਰੇ’ ਪੜ੍ਹ ਕੇ ਸਿਰ ਚੱਕਰ ਖਾ ਗਿਆ। ਕਰੋਨਾ ਮਹਾਮਾਰੀ ਵਿਚ ਰਿਆਇਤਾਂ ਦਾ ਲਾਹਾ ਅਮੀਰ ਘਰਾਣਿਆਂ ਨੇ ਖੂਬ ਲਿਆ। ਬੈਂਕਾਂ ਵਿਚ ਵਿਆਜ ਦਰ ਘੱਟ ਤਾਂ ਮਨੁੱਖੀ ਲਾਲਸਾ ਸ਼ੇਅਰ ਮਾਰਕੀਟ ਵੱਲ ਵੱਧ ਰੁਖ ਕਰੇਗੀ, ਕੀ ਇਹ ਹਾਲਤ ਸੱਤਾ ’ਤੇ ਬੈਠੀ ਪਾਰਟੀ ਦੀ ਹੀ ਦੇਣ ਹੈ? ਬਿਨਾਂ ਸ਼ੱਕ, ਇਹ ਘਰਾਣੇ ਮਨਮਰਜ਼ੀ ਦੀ ਹਕੂਮਤ ਬਣਾਉਣ ਲਈ ਦਿਲ ਖੋਲ੍ਹ ਕੇ ਚੰਦਾ ਦਿੰਦੇ ਹੋਣਗੇ। ਇਸ ਤੋਂ ਪਹਿਲਾਂ 28 ਜੂਨ ਨੂੰ ਅੰਜੂਜੀਤ ਦਾ ਮਿਡਲ ‘ਧੀ ਦਾ ਵਿਸ਼ਵਾਸ’ ਪੜਿ੍ਹਆ। ਤਰਕਸ਼ੀਲਤਾ ਤੇ ਰਹੱਸਵਾਦ ਦੇ ਦਵੰਦ/ਿਵਰੋਧਾਭਾਸ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸੰਸਾਰ ਵਿਚ ਵਾਪਰਦੀਆਂ ਘਟਨਾਵਾਂ ਨੂੰ ਵਿਗਿਆਨ ਦੇ ਿਨਯਮਾਂ ਵਾਂਗ ਬੰਨ੍ਹਿਆ ਤਾਂ ਨਹੀਂ ਜਾ ਸਕਦਾ, ਤਾਂ ਵੀ ਵਿਗਿਆਨਕ ਸੋਚ ਤੇ ਅਮਲਾਂ ਨਾਲ ਮਾੜੀਆਂ ਘਟਨਾਵਾਂ ਠੱਲ੍ਹੀਆਂ ਜ਼ਰੂਰ ਜਾ ਸਕਦੀਆਂ ਹਨ। ਇਸੇ ਤਰ੍ਹਾਂ 27 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖ਼ੁਸ਼ੀਆਂ ਦੀ ਕਿਣ-ਮਿਣ’ ਪੜਿ੍ਹਆ। ਲੇਖ ਦਾ ਸਿਰਲੇਖ ਮਨੋਵਿਗਿਆਨ ਦੀਆਂ ਛੂਹਾਂ ਵਾਲਾ ਹੈ। ਇਹ ‘ਖ਼ੁਸ਼ੀ ਕੀ ਹੈ’ ਦੀ ਗੱਲ ਕਰਦਾ ਹੈ। ਉਂਜ ਕੰਡਿਆਲੀ ਤਾਰ ਟੱਪ ਕੇ ਆਏ ਬੱਚੇ ਦਾ ਦ੍ਰਿਸ਼ ਪਤਾ ਨਹੀਂ ਕਿਉਂ ਓਪਰਾ ਜਿਹਾ ਲੱਗਿਆ। ਅਨਪੜ੍ਹ ਔਰਤ ਦਾ ਕਿਤਾਬ ਮੰਗਣਾ ਵੀ ਅਲੌਕਿਕ ਲੱਗਿਆ। ਖੈਰ! ਵਿਚਾਰ ਆਪੋ ਆਪਣੇ ਹੁੰਦੇ ਹਨ ਅਤੇ ਖ਼ੁਸ਼ੀ ਅੰਤਰਮੁਖੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਿਆਸੀ ਜਮ੍ਹਾਂ ਘਟਾਓ
29 ਜੂਨ ਨੂੰ ਡਾ. ਰੌਣਕੀ ਰਾਮ ਦਾ ਲੇਖ ‘ਅਕਾਲੀ ਦਲ-ਬਸਪਾ ਗੱਠਜੋੜ: ਬਦਲਦੇ ਸਮੀਕਰਨ’ ਪੜਿ੍ਹਆ। ਲੇਖ ਸਿਆਸੀ ਸਮੀਖਿਆ ਦੇ ਜਮ੍ਹਾਂ ਘਟਾਓ ਨਾਲ ਭਰਿਆ ਪਿਆ ਹੈ। ਹਰ ਬੰਦਾ ਆਪਣੇ ਭੂਤਕਾਲ ਨੂੰ ਪਿੱਛੇ ਛੱਡ ਕੇ ਵਰਤਮਾਨ ਅਤੇ ਭਵਿੱਖ ਕਾਲ ਬਾਰੇ ਸੋਚਦਾ ਹੈ। ਪਿਛਲੇ ਸਮੇਂ ਦੌਰਾਨ ਦੇਸ਼ ਦੀ ਸਿਆਸਤ ਵਿਚ ਖੇਤੀ ਕਾਨੂੰਨ, ਕਿਰਤ ਕਾਨੂੰਨ ਵਿਚ ਸੋਧਾਂ ਨੂੰ ਲੈ ਕੇ ਜੋ ਉਥਲ-ਪੁਥਲ ਹੋਈ ਹੈ, ਉਸ ਕਾਰਨ ਹੀ ਅਕਾਲੀ ਦਲ ਤੇ ਬਸਪਾ ਗੱਠਜੋੜ ਸੰਭਵ ਹੋਇਆ ਹੈ। ਇਹ ਗੱਠਜੋੜ ਸੂਬੇ ਦੀ ਸਿਆਸਤ ਨੂੰ ਮੋੜਾ ਦੇ ਸਕਦਾ ਹੈ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਕਿਣ-ਮਿਣ ਖ਼ੁਸ਼ੀਆਂ
29 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖ਼ੁਸ਼ੀਆਂ ਦੀ ਕਿਣ-ਮਿਣ’ ਪ੍ਰੇਰਨਾ ਵਾਲ ਹੈ। ਅੱਜ ਦੇ ਸਮੇਂ ਵਿਚ ਤਾਂ ਕੁਝ ਲੋਕ ਬਿਨਾਂ ਸਵਾਰਥ ਕਿਸੇ ਦੂਸਰੇ ਬੰਦੇ ਨੂੰ ਮੂੰਹ ਵੀ ਨਹੀਂ ਲਗਾਉਂਦੇ। ਖ਼ੁਸ਼ੀ ਹੋਈ ਕਿ ਬਥੇਰੇ ਲੋਕ ਹਨ ਜੋ ਬਿਨਾਂ ਸਵਾਰਥ ਇਕ-ਦੂਜੇ ਦੀ ਮਦਦ ਕਰਦੇ ਹਨ।
ਰੁਪਿੰਦਰ ਕੌਰ, ਸੱਦੋਮਾਜਰਾ (ਫ਼ਤਹਿਗੜ੍ਹ ਸਾਹਿਬ)
ਤੇਲ ਕੀਮਤਾਂ ਦੀਆਂ ਛਾਲਾਂ
28 ਜੂਨ ਪਹਿਲੇ ਪੰਨੇ ’ਤੇ ਖ਼ਬਰ ਪੜ੍ਹੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਮਈ ਮਹੀਨੇ ਕਈ ਸੂਬਿਆਂ ਵਿਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ। ਕਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਹਨ। ਪਿਛਲੇ ਵਰ੍ਹੇ ਤਾਲਾਬੰਦੀ ਤੋਂ ਬਾਅਦ ਜੇ ਥੋੜ੍ਹੇ ਬਹੁਤ ਕੰਮ-ਕਾਜ ਚੱਲੇ ਵੀ ਸਨ, ਉੱਥੇ ਦਿਹਾੜੀਦਾਰ ਨੂੰ ਤਿੰਨ ਸੌ ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲੀ। ਕਾਫ਼ੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਗੈਸ ਸਿਲੰਡਰ ਦੀ ਕੀਮਤ 850 ਰੁਪਏ ਤੋਂ ਉੱਪਰ ਹੋ ਗਈ ਹੈ। ਵਧ ਰਹੀਆਂ ਤੇਲ ਕੀਮਤਾਂ ’ਚ ਕਮੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਸਿਆਸੀ ਧਿਰਾਂ ਅਤੇ ਕਿਰਤੀ ਕਾਮੇ
ਇਤਿਹਾਸ ਗਵਾਹ ਹੈ ਕਿ ਆਜ਼ਾਦੀ ਤੋਂ ਬਾਅਦ ਜਿਹੜੀਆਂ ਵੀ ਸਿਆਸੀ ਪਾਰਟੀਆਂ ਸੱਤਾ ’ਚ ਆਈਆਂ, ਉਨ੍ਹਾਂ ਨੇ ਆਮ ਕਿਰਤੀਆਂ, ਕਾਮਿਆਂ, ਮਜ਼ਦੂਰਾਂ, ਕਿਸਾਨਾਂ ਤੇ ਹੋਰ ਸਾਰੇ ਵਰਗਾਂ ਨੂੰ ਧਾਰਮਿਕ ਕੱਟੜਤਾ ਅਤੇ ਜਾਤੀਵਾਦ ਵਿਚ ਉਲਝਾ ਕੇ ਆਪੋ-ਆਪਣਾ ਵੋਟ ਬੈਂਕ ਪੱਕਾ ਕੀਤਾ ਹੈ। ਲੋਕਾਂ ਦੇ ਮਸਲੇ ਅੱਜ ਵੀ ਉੱਥੇ ਹੀ ਖੜ੍ਹੇ ਹਨ। ਹੁਣ ਕਿਸਾਨ ਅੰਦੋਲਨ ਲੋਕਾਂ ਲਈ ਸੁਨਹਿਰੀ ਮੌਕਾ ਬਣਿਆ ਹੈ। ਹੁਣ ਲੋਕਾਂ ਨੂੰ ਵੋਟ ਬਟੋਰੂ ਧਿਰਾਂ ਦਾ ਖਹਿੜਾ ਛੱਡ ਕੇ ਖੱਬੇ ਪੱਖੀ ਧਿਰਾਂ ਨਾਲ ਖੜ੍ਹਨਾ ਚਾਹੀਦਾ ਹੈ ਜੋ ਲੋਕਾਂ ਨੂੰ ਜਾਤਾਂ, ਧਰਮਾਂ ਤੇ ਸਿਆਸੀ ਪਾਰਟੀਆਂ ਦੇ ਜਾਲ ਵਿਚੋਂ ਕੱਢ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦਾ ਦਮ ਰੱਖਦੀਆਂ ਹਨ। ਇਨ੍ਹਾਂ ਦਾ ਮਕਸਦ ਹਰ ਇਕ ਲਈ ਬਰਾਬਰ ਦਾ ਸਮਾਜ ਸਿਰਜਣਾ, ਬੁਨਿਆਦੀ ਸਹੂਲਤਾਂ ਤੇ ਸਾਰਿਆਂ ਲਈ ਬਰਾਬਰ ਦੇ ਅਧਿਕਾਰਾਂ ਦਾ ਹੈ।
ਜਗਜੀਤ ਸਿੰਘ ਅਸੀਰ (ਡੱਬਵਾਲੀ, ਹਰਿਆਣਾ)