ਉਨ੍ਹਾਂ ਸਮਿਆਂ ਦਾ ਸੱਚ
25 ਜੂਨ ਦੇ ਨਜ਼ਰੀਆ ਪੰਨੇ ’ਤੇ ਰਾਜਵਿੰਦਰ ਰੌਂਤਾ ਦਾ ਮਿਡਲ ‘ਅੰਦਰਲਾ ਘਰ’ ਪੜ੍ਹਿਆ। ਇਹ ਲੇਖ ਪਹਿਲਾਂ ਦੇ ਸਮਿਆਂ ਦੇ ਬਚਪਨ, ਲੋਕਾਂ ਦੀ ਸਾਦੀ ਜ਼ਿੰਦਗੀ ਅਤੇ ਜ਼ਿੰਦਗੀ ਵਿਚ ਆਏ ਸੁੱਖਾਂ ਦੁੱਖਾਂ ਦੀ ਬਾਤ ਪਾਉਂਦਾ ਹੈ। ਲਗਭੱਗ ਹਰ ਇਨਸਾਨ ਨਾਲ ਹੀ ਉਹਦੇ ਬਚਪਨ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। 21 ਜੂਨ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਦੋਸ਼ੀ ਕੌਣ?’ ਸਾਡੇ ਸੂਬੇ ਦੇ ਹਰ ਉਸ ਬੰਦੇ ਦੀ ਕਹਾਣੀ ਹੈ ਜੋ ਜ਼ਿੰਦਗੀ ਵਿਚ ਮਿਹਨਤ ਕਰ ਕੇ ਆਪਣੀ ਕਾਬਲੀਅਤ ਨਾਲ ਉੱਚੇ ਅਹੁਦਿਆਂ ’ਤੇ ਤਾਇਨਾਤ ਹੁੰਦੇ ਹਨ ਪਰ ਅਜਿਹੇ ਲੋਕ ਸਾਡੇ ਭ੍ਰਿਸ਼ਟ ਸਿਸਟਮ, ਦਾਗ਼ੀ ਨੇਤਾਵਾਂ, ਭ੍ਰਿਸ਼ਟ ਅਫ਼ਸਰਸ਼ਾਹੀ ਦੀ ਲਾਲਚੀ ਮਾਨਸਿਕਤਾ ਦੇ ਅਕਸਰ ਸ਼ਿਕਾਰ ਹੋ ਜਾਂਦੇ ਹਨ। ਸਿਸਟਮ ਇੰਨਾ ਗੰਧਲਾ ਹੋ ਚੁੱਕਿਆ ਹੈ ਕਿ ਹੱਸਦੇ ਵੱਸਦੇ ਪਰਿਵਾਰ ਇਨ੍ਹਾਂ ਕਾਰਨ ਆਪਣਾ ਸਭ ਕੁਝ ਗਵਾ ਲੈਂਦੇ ਹਨ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
ਨਾਲਾਇਕਾਂ ਦੀਆਂ ਨੀਤੀਆਂ
21 ਜੂਨ ਨੂੰ ਸ਼ਿਵੰਦਰ ਕੌਰ ਦਾ ਲੇਖ ‘ਦੋਸ਼ੀ ਕੌਣ’ ਦੱਸਦਾ ਹੈ ਕਿ ਕਿੰਜ ਸਾਧਾਰਨ ਜਿਹਾ ਪਰਿਵਾਰ ਜਿਸ ਨੇ ਆਪਣੀ ਮਿਹਨਤ ਸਦਕਾ ਜ਼ਿੰਦਗੀ ਦੇ ਕੁਝ ਚੰਗੇ ਦਿਨ ਦੇਖੇ ਤੇ ਕਿੰਜ ਉਹ ਪਰਿਵਾਰ ਮੁਲਕ ਦੀ ਵਾਗਡੋਰ ਕੁਝ ਲਾਲਚੀ, ਖ਼ੁਦਗਰਜ਼ ਤੇ ਅਪਰਾਧੀ ਕਿਸਮ ਦੇ ਲੋਕਾਂ ਦੇ ਹੱਥ ਆ ਜਾਣ ਕਾਰਨ ਤਬਾਹ ਹੋ ਗਿਆ। ਲੇਖ ਪ੍ਰਬੰਧਕੀ ਢਾਂਚੇ ਦੀ ਨਾਲਾਇਕੀ ਅਤੇ ਕਾਰਪੋਰੇਟ ਘਰਾਣਿਆਂ ਨਾਲ ਮਿਲੀਭੁਗਤ ਦੀ ਨੀਤੀ ’ਤੇ ਵੀ ਚਾਨਣ ਪਾਉਂਦਾ ਹੈ। ਇਸ ਨੀਤੀ ਨਾਲ ਲੱਖਾਂ ਬੱਚੇ ਯਤੀਮ ਹੋ ਰਹੇ ਹਨ, ਰਿਸ਼ਤੇ ਤਾਰ ਤਾਰ ਹੋ ਰਹੇ ਹਨ ਅਤੇ ਖ਼ੂਨ ਦੇ ਰਿਸ਼ਤਿਆਂ ਨੂੰ ਵੀ ਇਕ ਦੂਜੇ ਤੋਂ ਡਰ ਲੱਗਣ ਲੱਗਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(2)
ਸ਼ਿਵੰਦਰ ਕੌਰ ਦਾ ਮਿਡਲ ‘ਦੋਸ਼ੀ ਕੌਣ?’ ਪੜ੍ਹਿਆ। ਜਦੋਂ ਤੋਂ ਮਨੁੱਖ ਪੈਦਾ ਹੋਇਆ ਹੈ, ਕੁਦਰਤੀ ਆਫ਼ਤਾਂ ਵੀ ਨਾਲ ਹੀ ਪੈਦਾ ਹੋਈਆਂ ਦੱਸੀਆਂ ਜਾਂਦੀਆਂ ਹਨ। ਗਾਹੇ-ਬਗਾਹੇ ਦੁਨੀਆ ’ਤੇ ਮਹਾਮਾਰੀਆਂ ਆਉਂਦੀਆਂ ਰਹੀਆਂ ਹਨ ਪਰ ਅੱਜ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ। ਕਰੋਨਾ ਪੈਦਾ ਹੋਏ ਹਾਲਾਤ ਦੀ ਪ੍ਰਵਾਹ ਸਰਕਾਰ ਨੇ ਉਕਾ ਹੀ ਨਹੀਂ ਕੀਤੀ।
ਬੂਟਾ ਸਿੰਘ ਚਤਾਮਲਾ, ਰੂਪਨਗਰ
ਪਿਆਰ ਦੀ ਬਾਤ
17 ਜੂਨ ਦੇ ਨਜ਼ਰੀਆ ਪੰਨੇ ਉੱਤੇ ਰਾਜ ਰਿਸ਼ੀ ਦਾ ਮਿਡਲ ‘ਸ਼ਤਾਬਦੀ ਦੇ ਸਫ਼ਰ ਵਿਚ ਤੀਰਥ ਯਾਤਰਾ ਦਾ ਆਨੰਦ’ ਪੜ੍ਹਿਆ। ਅਜਿਹੀ ਟਰੇਨ ਵਿਚ ਸਫ਼ਰ ਬਹੁਤ ਮਹਿੰਗਾ ਤਾਂ ਹੈ ਪਰ ਇਸ ਵਿਚ ਯਾਤਰਾ ਕਰ ਕੇ ਜੋ ਸੁਆਦ ਆਉਂਦਾ ਹੈ, ਉਸ ਨੂੰ ਆਦਮੀ, ਖ਼ਾਸ ਤੌਰ ’ਤੇ ਬੱਚੇ ਸਾਰੀ ਉਮਰ ਯਾਦ ਰੱਖਦੇ ਹਨ। ਮਿਡਲ ਵਿਚ ਲੇਖਕ ਨੇ ਬੱਚਿਆਂ ਦੀ ਮਾਨਸਿਕਤਾ ਅਤੇ ਪਰਿਵਾਰ ਦੇ ਪਿਆਰ ਦੀ ਸੋਹਣੀ ਬਾਤ ਪਾਈ ਹੈ।
ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਨਸਲੀ ਵਿਤਕਰਾ
14 ਜੂਨ ਦੇ ਸੰਪਾਦਕੀ ‘ਨਸਲਵਾਦ’ ਵਿਚ ਸਾਫ਼ ਹੋ ਜਾਂਦਾ ਹੈ ਕਿ ਨਸਲੀ ਸਮੱਸਿਆ ਹਰ ਥਾਂ ਅਤੇ ਹਰ ਮੁਲਕ ਵਿਚ ਪੈਰ ਪਸਾਰੀ ਬੈਠੀ ਹੈ। ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਆਦਿ ਦੀ ਕਾਨੂੰਨ ਵਿਵਸਥਾ ਮੁਕਾਬਲਤਨ ਭਾਵੇਂ ਚੰਗੀ ਹੈ, ਪਰ ਇਹ ਮੁਲਕ ਨਸਲੀ ਸਮੱਸਿਆ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ। ਦੇਖਿਆ ਜਾਏ ਤਾਂ ਨਸਲੀ ਵਿਤਕਰੇ ਦੀ ਰਵਾਇਤ ਸਦੀਆਂ ਤੋਂ ਸਮਾਜ ਦਾ ਪਿੱਛਾ ਕਰ ਰਹੀ ਹੈ। ਨਸਲੀ ਵਿਤਕਰੇ ਦਾ ਸ਼ਿਕਾਰ ਘੱਟਗਿਣਤੀਆਂ ਦੇ ਲੋਕ ਜਾਂ ਪਰਵਾਸੀ ਹੀ ਹੁੰਦੇ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਕੇਂਦਰੀ ਸੱਤਾ ਅਤੇ ਰਾਜ ਸਰਕਾਰਾਂ
ਸ਼ੁੱਕਰਵਾਰੀਂ 25 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਮਾਨਵ ਦਾ ਲੇਖ ‘ਜੀਐੱਸਟੀ ਮੁਆਵਜ਼ਾ: ਸੂਬਾ ਸਰਕਾਰਾਂ ਦੀ ਤਿੱਖੀ ਸੁਰ’ ਪੜ੍ਹਿਆ। ਹੁਣ ਸਾਰੇ ਸੂਬਿਆਂ ਖ਼ਾਸ ਕਰ ਕੇ ਗ਼ੈਰ-ਭਾਜਪਾ ਸੱਤਾ ਵਾਲੇ ਸੂਬਿਆਂ ਨੂੰ ਇਕ ਤਾਂ ਆਪਣੀ ਸੁਰ ਹੋਰ ਤਿੱਖੀ ਕਰਨੀ ਚਾਹੀਦੀ ਹੈ, ਦੂਜੇ ਆਪਸ ਵਿਚ ਇਕਜੁੱਟਤਾ ਵੀ ਬਣਾਉਣੀ ਚਾਹੀਦੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਸਲ ਵਿਚ ਮੁਲਕ ਦੇ ਫ਼ੈਡਰਲ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ। ਖੇਤਰੀ ਪਾਰਟੀਆਂ ਨੂੰ ਇਸ ਮੁੱਦੇ ’ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿਚ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਇਸ ਅਹਿਮ ਮਸਲੇ ਬਾਰੇ ਜਾਗਰੂਕ ਕਰਨਾ ਹੈ।
ਕੁਲਵੰਤ ਸਿੰਘ, ਜਲੰਧਰ