ਜ਼ਿੰਦਗੀ ਦਾ ਇਮਤਿਹਾਨ
21 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਨੇ ‘ਸਿੱਖਿਆ ਬੋਰਡ ਤੋਂ ਵੱਧ ਅਹਿਮ ਜ਼ਿੰਦਗੀ ਦੇ ਇਮਤਿਹਾਨ’ ਸਿਰਲੇਖ ਹੇਠ ਆਪਣੇ ਸ਼ਬਦਾਂ ਰਾਹੀਂ ਅਧਿਆਪਕਾਂ/ਮਾਪਿਆਂ ਨੂੰ ਜਾਗਰੂਕ ਹੋਣ ਦੀ ਲੋੜ ਤੋਂ ਜਾਣੂ ਕਰਵਾਇਆ ਹੈ। ਕਾਰਪੋਰੇਟ ਸ਼ਕਤੀਆਂ ਦੇ ਮਨਸ਼ੇ ਭਾਵੇਂ ਤਿੰਨ ਦਹਾਕੇ ਪਹਿਲਾਂ ਹੀ ਜ਼ਾਹਿਰ ਹੋ ਗਏ ਸਨ ਪਰ ਪਿਛਲੇ ਦਹਾਕੇ ਤੋਂ ਬਾਕੀ ਅਦਾਰਿਆਂ ਦੇ ਮੁਕਾਬਲੇ ਸਿੱਖਿਆ ਖੇਤਰ ਦੇ ਕਾਰਪੋਰੇਟ ਤੇ ਕਾਰਖਾਨੇ ਰੂਪੀ ਸਕੂਲਾਂ/ਅਦਾਰਿਆਂ ਨੇ ਬੱਚਿਆਂ ਦਾ ਬਚਪਨ ਖੋਹ ਕੇ ਉਨ੍ਹਾਂ ਨੂੰ ਮਸ਼ੀਨ ਬਣਾ ਦਿੱਤਾ ਹੈ। ਇਸ ਸਭ ਕਾਸੇ ਲਈ ਕਿਤੇ ਨਾ ਕਿਤੇ ਅਸੀਂ ਮਾਪੇ/ਅਧਿਆਪਕ ਵੀ ਬਰਾਬਰ ਦੇ ਗੁਨਾਹਗਾਰ ਹਾਂ। ਕੋਈ ਸਮਾਂ ਹੁੰਦਾ ਸੀ ਜਦੋਂ ਕੋਈ ਯੂਨੀਵਰਸਿਟੀ ਟਾਪਰ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਘੁਲ਼ਦਾ ਮਸੀਂ 65-70 ਫ਼ੀਸਦੀ ਤਕ ਪਹੁੰਚਦਾ ਸੀ। ਅੱਜ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਮਸ਼ੀਨਾਂ ਬਣਾਉਣ ਦੀ ਥਾਂ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨਾਲ ਜੋੜੀਏ। ਫਿਰ ਹੀ ਸਾਡਾ ਸਮਾਜ ਹੋਰ ਨਿਖਰੇਗਾ।
ਬਲਵੀਰ ਸਿੰਘ ਬਾਸੀਆਂ, ਪਿੰਡ ਤੇ ਡਾਕਖਾਨਾ ਬਾਸੀਆਂ ਬੇਟ (ਲੁਧਿਆਣਾ)
ਸਵਾਲਾਂ ਦਾ ਘੇਰਾ
23 ਜੂਨ ਦਾ ਜਸਵਿੰਦਰ ਸੁਰਗੀਤ ਦਾ ਮਿਡਲ ‘ਉਜੜਨਾ ਮੁਬਾਰਕ’ ਪੜ੍ਹ ਕੇ ਮਨ ਕਈ ਸਵਾਲਾਂ ਵਿਚ ਘਿਰ ਗਿਆ। ਪਹਿਲਾ, ਬਿਨਾ ਪਰਖੇ ਕਿਸੇ ਬਾਰੇ ਰਾਇ ਬਣਾਉਣਾ ਬਹੁਤ ਘਾਤਕ ਹੁੰਦਾ ਹੈ, ਆਪਣੇ ਲਈ ਵੀ ਤੇ ਦੂਜੇ ਲਈ ਵੀ। ਦੂਜਾ, ਸ਼ਕਲਾਂ ਦਾ ਕਿਸੇ ਦੇ ਵਿਹਾਰ ਨਾਲ ਸਿੱਧਾ ਸਬੰਧ ਨਹੀਂ ਹੁੰਦਾ। ਅਸੀਂ ਅਕਸਰ ਸ਼ਕਲਾਂ ਪਿੱਛੇ ਮਰ ਜਾਂਦੇ ਹਾਂ। ਲੇਖ ਵਿਚ ਰਮਨੀ ਸਾਕਾਰ ਹੋ ਗਈ। ਚੰਗਿਆਂ ਦਾ ‘ਉਜੜਨਾ’ ਜ਼ਰੂਰੀ ਹੈ ਤਾਂ ਜੋ ਹੋਰ ਕਿਤੇ ਵੀ ਖੇੜਾ ਦਿਖਾ ਸਕਣ। ਕੰਮ ਨਾਲ ਇਸ਼ਕ ਕਰਨ ਵਾਲੇ ਕਰਮਯੋਗੀ ਹੁੰਦੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਲੋਕਾਂ ਦਾ ਖਿਆਲ ਨਹੀਂ
22 ਜੂਨ ਦਾ ਸੰਪਾਦਕੀ ‘ਸਿਆਸੀ ਸਰਗਰਮੀਆਂ’ ਪੜ੍ਹਿਆ। 2022 ਦੀਆਂ ਚੋਣਾਂ ਨੇੜੇ ਹੋਣ ਕਰ ਕੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਉਨ੍ਹਾਂ ਨੂੰ ਲੋਕਾਂ ਦਾ ਤਾਂ ਰੱਤੀ ਭਰ ਵੀ ਖਿਆਲ ਨਹੀਂ। ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਲੌਕਡਾਊਨ ਕਰ ਕੇ ਰੋਜ਼ ਕਮਾ ਕੇ ਖਾਣ ਵਾਲੇ ਫ਼ਾਕੇ ਕੱਟ ਰਹੇ ਹਨ। ਹਕੂਮਤ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਅੰਨਦਾਤਾ ਨਜ਼ਰ ਹੀ ਨਹੀਂ ਆ ਰਿਹਾ। ਕਰੋਨਾ ਨੇ ਸਿਹਤ ਵਿਭਾਗ ਦੀ ਪੋਲ ਵੀ ਖੋਲ੍ਹ ਦਿੱਤੀ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਬੁਰਾਈਆਂ ਨਾਲ ਮੁਕਾਬਲਾ
22 ਜੂਨ ਨੂੰ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਪ੍ਰੀਖਿਆ ਵਿਚ ਪ੍ਰੀਖਿਆ’ ਪੜ੍ਹਿਆ। ਉਨ੍ਹਾਂ ਵੱਲੋਂ ਨਕਲ ਰੋਕਣ ਲਈ ਕੀਤੇ ਕਠੋਰ ਸੰਕਲਪ ਦੀ ਸ਼ਲਾਘਾ ਕਰਨੀ ਬਣਦੀ ਹੈ, ਉਹ ਵੀ ਉਸ ਸਮੇਂ ਜਦੋਂ ਸਾਡਾ ਸਾਰਾ ਸਮਾਜਿਕ ਤਾਣਾ-ਬਾਣਾ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਨਾਲ ਉਲਝਿਆ ਪਿਆ ਹੈ। ਸਮਾਜ ਵਿਚ ਸੁਧਾਰ ਦੀ ਆਸ ਤਾਂ ਹੀ ਕੀਤੀ ਜਾ ਸਕਦੀ ਹੈ, ਜੇ ਸਾਰੇ ਮੁਲਾਜ਼ਮ ਲੇਖਕ ਵਾਂਗ ਆਪਣੀ ਡਿਊਟੀ ਸਮਰਪਣ ਦੀ ਭਾਵਨਾ ਨਾਲ ਕਰਨ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
(2)
ਸੁੱਚਾ ਸਿੰਘ ਖੱਟੜਾ ਨੇ ਆਪਣੇ ਮਿਡਲ ‘ਪ੍ਰੀਖਿਆ ਵਿਚ ਪ੍ਰੀਖਿਆ’ ਵਿਚ ਪ੍ਰੀਖਿਆ ਦੇ ਦਿਨਾਂ ਵਿਚ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਗੁਜ਼ਾਰੀ ਦਾ ਸੁੰਦਰ ਵਰਨਣ ਕੀਤਾ ਹੈ। ਪ੍ਰੀਖਿਆਵਾਂ ਕਰਾਉਣ ਦਾ ਲੰਮਾ ਤਜਰਬਾ ਦੱਸਦਾ ਹੈ ਕਿ ਇਮਾਨਦਾਰ ਅਧਿਆਪਕ ਡਿਊਟੀਆਂ ਲਈ ਅੱਗੇ ਨਹੀਂ ਆਉਂਦੇ, ਨਕਲ ਕਰਵਾਉਣ ਵਾਲੇ ਅਧਿਆਪਕ ਅਤੇ ਉਨ੍ਹਾਂ ਦੇ ਸਮਰਥਕ ਡਿਊਟੀਆਂ ਲਗਾਉਣ ਲਈ ਹਰ ਹਰਬਾ ਵਰਤਦੇ ਹਨ। ਲੇਖਕ ਨੇ ਠੀਕ ਸਿੱਟਾ ਕੱਢਿਆ ਕਿ ਜੇ ਅਧਿਆਪਕ ਨਾ ਚਾਹੇ ਤਾਂ ਨਕਲ ਨਹੀਂ ਹੋ ਸਕਦੀ ਅਤੇ ਜੇ ਅਧਿਆਪਕ ਚਾਹੇ ਤਾਂ ਨਕਲ ਰੁਕ ਨਹੀਂ ਸਕਦੀ।
ਹਰਬੰਸ ਸਿੰਘ ਸੰਧੂ, ਮੈਲਬਰਨ (ਆਸਟਰੇਲੀਆ)
(3)
ਮਿਡਲ ‘ਪ੍ਰੀਖਿਆ ਵਿਚ ਪ੍ਰੀਖਿਆ’ ਰਾਹੀਂ ਮਹਾਤਮਾ ਗਾਂਧੀ ਦੇ ਨਕਲ ਨਾ ਕਰਨ ਦੇ ਦ੍ਰਿੜ੍ਹ ਨਿਸ਼ਚੇ ਅਤੇ ਪਿਛਲੇ ਦਹਾਕਿਆਂ ਦੇ ਪ੍ਰੀਖਿਆ ਢਾਂਚੇ ਦੇ ਅੰਦਰੂਨੀ ਤਾਣੇ-ਬਾਣੇ ਦੀ ਹਕੀਕਤ ਨੂੰ ਬਿਆਨ ਕਰਦਾ ਹੈ। ਅਜਿਹੀਆਂ ਲਿਖਤਾਂ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਹਨ।
ਡਾ. ਗਗਨਦੀਪ ਸਿੰਘ, ਸੰਗਰੂਰ
ਕੇਂਦਰ ਸਰਕਾਰ ਅਤੇ ਅਨੈਤਿਕਤਾ
12 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ‘ਜੀਐੱਸਟੀ ਅਤੇ ਕਮਜ਼ੋਰ ਹੁੰਦਾ ਫੈਡਰਲਿਜ਼ਮ’ ਪੜ੍ਹਿਆ। ਕੇਂਦਰ ਸਰਕਾਰ ਵੱਲੋਂ ਸੂਬਾਈ ਸਰਕਾਰਾਂ ਦਾ ਮੁਆਵਜ਼ਾ ਸੈੱਸ ਵਿਚੋਂ 1.25 ਲੱਖ ਕਰੋੜ ਰੱਬ ਦਾ ਭਾਣਾ ਮੰਨ ਕੇ ਅਦਾ ਨਾ ਕਰਨ ਤੋਂ ਇਨਕਾਰੀ ਹੋਣਾ ਅਨੈਤਿਕਤਾ ਦੀ ਸਿਖ਼ਰ ਤਾਂ ਹੈ ਹੀ, ਗ਼ੈਰ-ਸੰਵਿਧਾਨਿਕ ਵੀ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਅੱਗੇ ਠੂਠਾ ਫੜ ਕੇ ਖੜ੍ਹੇ ਰਹਿਣ ਨੂੰ ਤਾਂ ਫੈਡਰਲਿਜ਼ਮ ਨਹੀਂ ਕਿਹਾ ਜਾ ਸਕਦਾ!
ਜਗਰੂਪ ਸਿੰਘ ਉੱਭਾਵਾਲ, ਲੁਧਿਆਣਾ
ਸਮਾਜ ਦਾ ਸੁਨੇਹਾ
9 ਜੂਨ ਦਾ ਮਿਡਲ ‘ਡਿਓਢੀ ਵਾਲਾ ਪੱਖਾ’ (ਲੇਖਕ ਵਿਕਾਸ ਕਪਿਲਾ) ਪੜ੍ਹਿਆ। ਲੇਖਕ ਨੇ ਜ਼ਿੰਦਗੀ ਦੀ ਹਕੀਕਤ ਦੇ ਕਈ ਪੱਖਾਂ ਨੂੰ ਬਿਆਨਿਆ ਹੈ। ਲੇਖ ਲੌਕਡਾਊਨ ਦੀ ਔਖਿਆਈ, ਪੁਰਾਣੇ ਰਿਸ਼ਤਿਆਂ ਤੇ ਪੁਰਾਤਨ ਵਸਤਾਂ ਦੀ ਤੁਲਨਾ ਅਤੇ ਹੰਢਣਸਾਰ ਵਸਤਾਂ ਬਾਰੇ ਗੱਲ ਕਰਦਿਆਂ ਲੇਖਕ ਅਜੋਕੀ ਪੀੜ੍ਹੀ ਤੇ ਸਮਾਜ ਨੂੰ ਉਸਾਰੂ ਸੁਨੇਹਾ ਦਿੰਦਾ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਹਾਅ ਦਾ ਨਾਅਰਾ
26 ਮਈ ਨੂੰ ‘ਹਾਅ ਦਾ ਨਾਅਰਾ’ ਲੇਖ (ਭਾਈ ਅਸ਼ੋਕ ਸਿੰਘ ਬਾਗੜੀਆਂ) ਪੜ੍ਹਿਆ, ਚੰਗਾ ਲੱਗਿਆ ਕਿ ਮੇਰੇ ਖੇਤਰ ਦੇ ਗੁਣਾਂ ਦੀ ਚਰਚਾ ਕੀਤੀ ਹੈ। ਪੰਜਾਬ ਦਾ 23ਵਾਂ ਜ਼ਿਲ੍ਹਾ ਮਾਲੇਰਕੋਟਲਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਦੇਸ਼ ਦੀ ਵੰਡ ਸਮੇਂ ਬਹੁਤ ਸਾਰੇ ਮੁਸਲਮਾਨਾਂ ਨੇ ਆਪਣੀ ਜਾਨ ਬਚਾਉਣ ਲਈ ਮਾਲੇਰਕੋਟਲੇ ਦੀ ਸ਼ਰਨ ਲਈ ਸੀ।
ਨਵਜੀਤ ਕੌਰ, ਸੁਲਤਾਨਪੁਰ