ਮਗਨਰੇਗਾ ਅਤੇ ਅਫ਼ਸਰਾਂ ਦੀ ਮਰਜ਼ੀ
17 ਜੂਨ ਦੇ ਨਜ਼ਰੀਆ ਪੰਨੇ ਉੱਤੇ ਹਮੀਰ ਸਿੰਘ ਨੇ ਮਗਨਰੇਗਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਮਗਨਰੇਗਾ ਸਬੰਧੀ ਜੋ ਕਾਨੂੰਨ ਅਤੇ ਸਕੀਮਾਂ ਹਨ, ਉਹ ਪੜ੍ਹਨ ਅਤੇ ਸੁਣਨ ਨੂੰ ਤਾਂ ਲੁਭਾਵਣੇ ਹਨ ਪਰ ਅਧਿਕਾਰੀਆਂ ਵੱਲੋਂ ਦਰੁਸਤ ਢੰਗ ਨਾਲ ਲਾਗੂ ਨਹੀਂ ਕੀਤੇ ਜਾ ਰਹੇ।
ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਮੁਹਾਲੀ
(2)
ਹਮੀਰ ਸਿੰਘ ਦੀ ਰਚਨਾ ‘ਮਗਨਰੇਗਾ : ਸੰਭਾਵਨਾਵਾਂ ਦਾ ਸੰਸਾਰ’ ਪੜ੍ਹੀ। ਲੇਖਕ ਨੇ ਇਸ ਸਕੀਮ ਨੂੰ ਖ਼ਤਮ ਕਰਨ ਬਾਰੇ ਵਾਜਬਿ ਚਿੰਤਾ ਪ੍ਰਗਟਾਈ ਹੈ।
ਦਿਲਪ੍ਰੀਤ ਸਿੰਘ, ਖਮਾਣੋਂ
ਅਖਾੜਿਆਂ ਦੀ ਯਾਦ
14 ਜੂਨ ਦੇ ਨਜ਼ਰੀਆ ਪੰਨੇ ’ਤੇ ਮਨਮੋਹਨ ਸਿੰਘ ਦਾਊਂ ਦੀ ਰਚਨਾ ‘ਪੁਆਧੀ ਅਖਾੜੇ ਦਾ ਨਾਇਕ ਰੱਬੀ ਬੈਰੋਂਪੁਰੀ’ ਪੜ੍ਹਦਿਆਂ ਭਲੇ ਵੇਲਿਆਂ ਵੇਲੇ ਲੱਗਦੇ ਅਖਾੜਿਆਂ ਦੀ ਯਾਦ ਤਾਜ਼ਾ ਹੋ ਗਈ। ਰੱਬੀ ਬੈਰੋਂਪੁਰੀ ਨੂੰ ਸਰਕਾਰੇ-ਦਰਬਾਰੇ ਅਤੇ ਵੱਡੇ ਸਭਿਆਚਾਰਕ ਮੇਲਿਆਂ ਵਿਚ ਸਨਮਾਨਿਆ ਗਿਆ। ਉਹ ਸਭ ਦਾ ਮਹਬਿੂਬ ਗਾਇਕ ਸੀ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਕੇਂਦਰੀਕਰਨ ਵੱਲ ਪੇਸ਼ਕਦਮੀ
12 ਜੂਨ ਨੂੰ ਡਾ. ਰਾਜੀਵ ਖੋਸਲਾ ਦਾ ਲੇਖ ‘ਜੀਐੱਸਟੀ ਅਤੇ ਕਮਜ਼ੋਰ ਹੁੰਦਾ ਫੈਡਰਲਿਜ਼ਮ’ ਪੜ੍ਹਿਆ। ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਕੇਂਦਰੀਕਰਨ ਵੱਲ ਵਧ ਰਹੀ ਹੈ। ਰਾਜਾਂ ਤੋਂ ਅਧਿਕਾਰ ਖੋਹੇ ਜਾ ਰਹੇ ਹਨ। ਸਮੂਹ ਬੁੱਧੀਜੀਵੀ ਵਰਗ ਨੂੰ ਇਸ ਬਾਰੇ ਠੋਸ ਯਤਨ ਕਰਨ ਦੀ ਲੋੜ ਹੈ।
ਮਾਸਟਰ ਰਣਜੀਤ ਸਿੰਘ, ਜੈਤੋ
ਮਾਲੇਰਕੋਟਲਾ ਅਤੇ ਸ਼ਹੀਦ ਕੂਕੇ
12 ਜੂਨ ਦੇ ਅੰਕ ਵਿਚ ਪਾਠਕ ਕੁਲਵੰਤ ਰਿਖੀ ਨੇ ਆਪਣੇ ਖ਼ਤ ‘ਮਾਲੇਰਕੋਟਲਾ ਦਾ ਇਤਿਹਾਸ ਅਤੇ ਕੂਕੇ’ ਵਿਚ ‘66 ਕੂਕਿਆਂ ਨੂੰ ਤੋਪਾਂ ਅੱਗੇ ਖੜ੍ਹੇ ਕਰ ਕੇ ਸ਼ਹੀਦ ਕੀਤਾ ਗਿਆ’, ਲਿਖਿਆ ਹੈ। ਦਰਅਸਲ, 65 (49+16) ਕੂਕਿਆਂ ਨੂੰ 17 ਜਨਵਰੀ ਅਤੇ 18 ਜਨਵਰੀ, 1872 ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ ਸੀ। ਪਹਿਲੇ ਦਿਨ 50ਵਾਂ ਕੂਕਾ ਭਾਈ ਬਿਸ਼ਨ ਸਿੰਘ, ਉਮਰ 12-13 ਸਾਲ, ਨੇ ਮੌਕੇ ਦੇ ਡਿਪਟੀ ਕਮਿਸ਼ਨਰ ਕਾਵਨ ਦੀ ਦਾੜ੍ਹੀ ਨੂੰ ਫੜ ਕੇ ਜ਼ੋਰ ਦੀ ਝਟਕਿਆ ਸੀ, ਨੂੰ ਤਤਕਾਲ ਨਾਲ ਖਲੋਤੇ ਸਿਪਾਹੀਆਂ ਨੇ ਤਲਵਾਰ ਦੇ ਵਾਰ ਨਾਲ ਸ਼ਹੀਦ ਕੀਤਾ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਸ਼ਾਂਤਮਈ ਮਿਸ਼ਨ ਅਤੇ ਕੂਕੇ
8 ਜੂਨ ਨੂੰ ਮਾਲੇਰਕੋਟਲੇ ਬਾਰੇ ਲੇਖ ਪੜ੍ਹਿਆ ਅਤੇ 12 ਜੂਨ ਨੂੰ ਕੂਕਿਆਂ ਬਾਰੇ ਖ਼ਤ ਛਪਿਆ। ਸਾਰੇ ਸ਼ਹੀਦਾਂ ਨੂੰ ਪ੍ਰਣਾਮ। ਜਿਸ ਗੱਲ ਦੀ ਦੁਬਿਧਾ ਹੈ, ਉਹ ਇਹ ਕਿ ਨਾਮਧਾਰੀ ਗੁਰੂ ਬਾਬਾ ਰਾਮ ਸਿੰਘ ਦਾ ਮਿਸ਼ਨ ਐਲਾਨੀਆ ਸ਼ਾਂਤਮਈ ਸੀ। ਜਦ ਕੁਝ ਕੂਕੇ ਉਨ੍ਹਾਂ ਪਾਸ ਜਾ ਕੇ ਕਹਿਣ ਲੱਗੇ ਕਿ ਬੁੱਚੜ ਗਾਵਾਂ ਵੱਢਦੇ ਹਨ, ਅਸੀਂ ਉਨ੍ਹਾਂ ਨੂੰ ਰੋਕਾਂਗੇ ਤੇ ਸਬਕ ਸਿਖਾਵਾਂਗੇ, ਤਦ ਬਾਬਾ ਜੀ ਨੇ ਸਖ਼ਤੀ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਸੀ। ਜਿਨ੍ਹਾਂ ਕੂਕਿਆਂ ਨੇ ਆਪਣੇ ਗੁਰੂ ਦਾ ਹੁਕਮ ਨਹੀਂ ਮੰਨਿਆ, ਉਹ ਸਤਿਕਾਰਿਤ ਸ਼ਹੀਦ ਕਿਵੇਂ ਹੋਏ? ਕੋਈ ਜਣਾ ਦੁਬਿਧਾ ਦੂਰ ਕਰੇ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਝੋਨੇ ਦੀ ਸਿੱਧੀ ਬਿਜਾਈ
12 ਜੂਨ ਨੂੰ ਖੇਤੀ ਵਾਲੇ ਸਫ਼ੇ ਉੱਤੇ ਬਲਵਿੰਦਰ ਸਿੰਘ ਢਿੱਲੋਂ ਦਾ ਝੋਨੇ ਦੀ ਸਿੱਧੀ ਬਿਜਾਈ ਬਾਰੇ ਲੇਖ ਪੜ੍ਹਿਆ। ਵਧੀਆ ਜਾਣਕਾਰੀ ਸੀ। ਮੈਂ ਖ਼ੁਦ ਪਰਮਲ ਦੀ ਸਿੱਧੀ ਬਿਜਾਈ ਕੀਤੀ ਹੈ। ਲੇਖ ਪੜ੍ਹ ਕੇ ਪਤਾ ਲੱਗਾ, ਕੁਝ ਘਾਟਾਂ ਰਹਿ ਗਈਆਂ। ਲੇਖ ਵਿਚ ਬੀਜ ਦੀ ਸੋਧ ਸੁਧਾਈ, ਦਵਾਈਆਂ, ਬਿਜਾਈ ਕਦੋਂ ਤੇ ਕਿਵੇਂ ਕਰਨੀ ਹੈ, ਬਾਰੇ ਪੂਰੇ ਵੇਰਵੇ ਹਨ। ਇਸੇ ਦਿਨ ਸਤਰੰਗ ਪੰਨੇ ਉੱਤੇ ਅੰਗਰੇਜ਼ ਸਿੰਘ ਵਿਰਦੀ ਦਾ ਗਾਇਕਾ ਸੁਰਿੰਦਰ ਕੌਰ ਬਾਰੇ ਲੇਖ ਪਸੰਦ ਆਇਆ।
ਲਖਵਿੰਦਰ ਸ਼ਰੀਂਹ ਵਾਲਾ (ਫਿਰੋਜ਼ਪੁਰ)
ਚੋਣ ਨਾਅਰੇ
12 ਜੂਨ ਨੂੰ ਮੁੱਖ ਸਫ਼ੇ ’ਤੇ ਅਕਾਲੀ ਦਲ ਤੇ ਬਸਪਾ ਚੋਣ ਗੱਠਜੋੜ ਬਾਰੇ ਖ਼ਬਰ ਪੜ੍ਹ ਕੇ ਬਚਪਨ ਦੇ ਦਿਨਾਂ ਵਿਚ ਸੁਣਿਆ ਚੁਣਾਵੀ ਨਾਅਰਾ ਚੇਤੇ ਆ ਗਿਆ। ਸ਼ਾਇਦ ਸੰਨ 67-69 ਦਾ ਸਮਾਂ ਹੋਵੇਗਾ ਜਦ ਸਾਡੇ ਪਿੰਡ ਵਿਚ ਕਾਂਗਰਸੀ ਪਰਿਵਾਰਾਂ ਦੇ ਸਾਥੋਂ ਕੁਝ ਵੱਡੀ ਉਮਰ ਦੇ ਮੁੰਡੇ ਨਾਅਰੇ ਲਾਉਂਦੇ ਹੁੰਦੇ ਸਨ : ‘ਤੱਕੜੀ ਦੇ ਵਿਚ ਦੀਵਾ ਫਸਾ ਕੇ ਲੈਣ ਆਉਣਗੇ ਵੋਟਾਂ ਨੂੰ, ਪਾਇਉ ਨਾ ਬਈ ਪਾਇਉ ਨਾ!’ ਤੱਕੜੀ ਵਾਲੇ ਦੀਵੇ ਤੋਂ ਬਾਅਦ ‘ਕਮਲ’ ਦੀ ਸਾਂਝ ਦੇਖੀ ਅਤੇ ਹੁਣ ਅਗਲੇ ਸਾਲ 2022 ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤੱਕੜੀ ਨਾਲ ਹਾਥੀ ਤੁਰਦਾ ਦੇਖਾਂਗੇ।
ਤਰਲੋਚਨ ਸਿੰਘ ‘ਦੁਪਾਲਪੁਰ’, ਕੈਲੀਫੋਰਨੀਆ (ਅਮਰੀਕਾ)
ਬੇਇਨਸਾਫ਼ੀ ਦੀ ਤਸਵੀਰ
16 ਜੂਨ ਦੀ ਸੰਪਾਦਕੀ ‘ਵਿਰੋਧ ਪ੍ਰਗਟ ਕਰਨ ਦਾ ਹੱਕ’ ਅਤੇ ਨਵਸ਼ਰਨ ਕੌਰ ਦੇ ਲੇਖ ‘ਜੇਲ੍ਹਾਂ ਵਿਚ ਸਿਆਸੀ ਕੈਦੀ- ਅਨਿਆਂ ਦਾ ਇਤਿਹਾਸ’ ਵਿਚ ਦੇਸ਼ ਵਿਚ ਦਿਨੋ-ਦਿਨ ਵਧ ਰਹੀ ਤਾਨਾਸ਼ਾਹੀ ਅਤੇ ਕਾਨੂੰਨੀ ਪੱਧਰ ’ਤੇ ਹੁੰਦੀ ਬੇਇਨਸਾਫ਼ੀ ਦੀ ਸਹੀ ਤਸਵੀਰ ਬਿਆਨ ਕੀਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਐੱਨਯੂ ਦੇ ਵਿਦਿਆਰਥੀਆਂ ਨੂੰ ਜ਼ਮਾਨਤ ਦਿੰਦੇ ਹੋਏ ਦਿੱਲੀ ਪੁਲੀਸ, ਭਾਵ ਇਕ ਤਰ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫ਼ਟਕਾਰ ਲਾ ਕੇ ਇਨਸਾਫ਼ ਨੂੰ ਠੁੰਮਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਨਤਾ ਦੇ ਗੁੱਸੇ ਨੂੰ ਕੁਝ ਸਮੇਂ ਲਈ ਠੰਢਾ ਕਰਨ ਦੇ ਇਲਾਵਾ ਉਨ੍ਹਾਂ ਦਾ ਨਿਆਂਪ੍ਰਣਾਲੀ ਵਿਚ ਭਰੋਸਾ ਬਹਾਲ ਰਹਿ ਸਕੇ। ਦਰਅਸਲ ਮੋਦੀ ਸਰਕਾਰ ਨੇ ਅਸਹਿਮਤੀ ਅਤੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੀ ਹੁਣ ਤਕ ਯੂਏਪੀਏ ਅਤੇ ਪੀਐੱਸਏ ਵਰਗੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਹੈ। ਇਸੇ ਨੀਤੀ ਹੇਠ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਪੱਤਰਕਾਰਾਂ ਅਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕੱਦਮੇ ਦੀ ਸੁਣਵਾਈ ਦੇ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ।
ਸੁਮੀਤ ਸਿੰਘ, ਅੰਮ੍ਰਿਤਸਰ