ਮਾਲੇਰਕੋਟਲਾ ਦਾ ਇਤਿਹਾਸ ਅਤੇ ਕੂਕੇ
ਮਾਲੇਰਕੋਟਲਾ ਬਾਰੇ ਅੱਬਾਸ ਧਾਲੀਵਾਲ ਦਾ ਲੇਖ (ਪੰਜਾਬ ਦੇ ਇਤਿਹਾਸਕ ਪੰਨਿਆਂ ਵਿਚ ਮਾਲੇਰਕੋਟਲਾ, 8 ਜੂਨ) ਇਤਿਹਾਸਕ ਬਾਰੀਕੀਆਂ ਨਾਲ ਭਰਪੂਰ ਹੈ। ਲੇਖਕ ਨੇ ਇਸ ਇਤਿਹਾਸਕ ਨਗਰ ਦੀ ਸਥਾਪਨਾ ਅਤੇ ਵਿਕਾਸ ਬਾਰੇ ਮਿਹਨਤ ਨਾਲ ਲਿਖਿਆ ਹੈ ਪਰ ਲੇਖਕ ਇਕ ਅਹਿਮ ਇਤਿਹਾਸਕ ਘਟਨਾ ਬਿਆਨ ਕਰਨ ਤੋਂ ਉੱਕ ਗਿਆ ਹੈ ਜਿਸ ਤੋਂ ਬਿਨਾਂ ਮਾਲੇਰਕੋਟਲਾ ਦਾ ਇਤਿਹਾਸ ਅਧੂਰਾ ਹੈ। ਉਹ ਹੈ ਅੰਗਰੇਜ਼ੀ ਸਰਕਾਰ ਦੁਆਰਾ 66 ਕੂਕਿਆਂ ਨੂੰ ਤੋਪਾਂ ਅੱਗੇ ਖੜ੍ਹੇ ਕਰ ਕੇ ਸ਼ਹੀਦ ਕਰਨ ਵਾਲਾ ਸਾਕਾ। ਸਰਕਾਰ ਤੋਂ ਬਾਗ਼ੀ ਕੂਕਿਆਂ ਦਾ ਇਕ ਦੂਜੇ ਤੋਂ ਅੱਗੇ ਹੋ ਕੇ ਤੋਪਾਂ ਅੱਗੇ ਆ ਕੇ ਸ਼ਹੀਦ ਹੋਣਾ ਦਲੇਰੀ ਅਤੇ ਮਰ ਮਿਟਣ ਦੇ ਜਜ਼ਬੇ ਦੀ ਅਨੂਠੀ ਮਿਸਾਲ ਹੈ। ਇਹ ਵੀ ਇਤਿਹਾਸਕ ਤੱਥ ਹੈ ਕਿ 1947 ਦੀ ਵੰਡ ਵੇਲੇ ਜਦੋਂ ਵੰਡੇ ਹੋਏ ਇਲਾਕਿਆਂ ਵਿਚ ਦੋਵੇਂ ਪਾਸੇ ਖ਼ੂਨੀ ਹਨੇਰੀ ਚੱਲ ਰਹੀ ਸੀ ਤਾਂ ਮਾਲੇਰਕੋਟਲਾ ਸ਼ਹਿਰ ਹੀ ਨਹੀਂ ਸਗੋਂ ਸਮੁੱਚੇ ਰਿਆਸਤੀ ਇਲਾਕੇ ਵਿਚ ਕਿਸੇ ਵੀ ਮੁਸਲਮਾਨ ਭਰਾ ਨੂੰ ਮਾਰਿਆ ਨਹੀਂ ਗਿਆ। ਉਨ੍ਹਾਂ ਦੇ ਘਰ ਪਰਿਵਾਰ ਅਤੇ ਜਾਇਦਾਦ ਮਹਿਫੂਜ਼ ਰਹੇ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)
ਵਿਰਾਸਤ ਬਨਾਮ ਚੌਧਰ
11 ਜੂਨ ਨੂੰ ਪਹਿਲੇ ਪੰਨੇ ਉੱਤੇ ਕਾਂਗਰਸ ਨੇਤਾ ਵੀਰਪੱਨ ਮੋਇਲੀ ਦਾ ਬਿਆਨ ਛਪਿਆ ਹੈ। ਉਨ੍ਹਾਂ ਦਾ ਇਹ ਕਹਿਣਾ ਕਿ ਲੀਡਰਸ਼ਿਪ ਵਿਰਾਸਤ ਆਧਾਰਿਤ ਨਹੀਂ ਬਲਕਿ ਗੁਣਾਂ ਆਧਾਰਿਤ ਹੋਣੀ ਚਾਹੀਦੀ ਹੈ, ਸਹੀ ਹੈ ਲੇਕਿਨ ਇੰਦਰਾ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਤਕ ਇਹੀ ਕੁਝ ਵਾਪਰਿਆ ਹੈ। ਇਕ ਵਾਰ ਸੀਤਾਰਾਮ ਕੇਸਰੀ ਨੂੰ ਕੁਝ ਸਮੇਂ ਲਈ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ, ਨਹੀਂ ਤਾਂ ਚੌਧਰ ਉਨ੍ਹਾਂ ਦੀ ਹੀ ਰਹੀ। ਇਸੇ ਤਰ੍ਹਾਂ ਅਕਾਲੀ ਦਲ ਵਿਚ ਹੁਣ ਬਾਦਲਾਂ ਦੀ, ਉੜੀਸਾ ਵਿਚ ਕਾਫ਼ੀ ਸਮੇਂ ਤੋਂ ਪਟਨਾਇਕ ਦੀ, ਤਾਮਿਲਨਾਡੂ ਵਿਚ ਕਰੁਨਾਨਿਧੀਆਂ ਦੀ, ਹਰਿਆਣਾ ਵਿਚ ਚੌਟਾਲਾ ਦੀ, ਬਿਹਾਰ ਵਿਚ ਯਾਦਵਾਂ ਦੀ ਚੌਧਰ ਵਿਰਾਸਤ ਕਾਰਨ ਰਹੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਨੌਜਵਾਨਾਂ ਦੀ ਦੁਖਦ ਦਾਸਤਾਂ
9 ਜੂਨ ਦੇ ਪੰਨਾ 3 ਉੱਤੇ ‘ਜ਼ਿੰਦਗੀ ਦੀ ਜੰਗ: ਏਸ ਟਾਵਰ ਤੋਂ ਮਹਿਲ ਦਿਸਦਾ ਹੈ’ ਸਿਰਲੇਖ ਹੇਠ ਸੁਰਿੰਦਰਪਾਲ ਦੀ ਦਾਸਤਾਂ ਪੜ੍ਹ ਕੇ ਦਿਲ ਵਲੂੰਧਰਿਆ ਗਿਆ। ਦੁੱਖ ਹੁੰਦਾ ਹੈ ਜਦੋਂ ਸੁਰਿੰਦਰਪਾਲ ਵਰਗੇ ਹੋਣਹਾਰ ਨੌਜਵਾਨ ਗ਼ੁਰਬਤ ਨਾਲ ਲੜਦੇ ਹੋਏ ਅਨੇਕਾਂ ਦੁੱਖ ਸਹਾਰਦੇ ਹੋਏ ਵੀ ਆਪਣੇ ਬੁਲੰਦ ਹੌਸਲੇ ਸਦਕਾ ਉੱਚ ਵਿੱਦਿਆ ਹਾਸਿਲ ਕਰ ਜਾਂਦੇ ਹਨ ਪਰ ਅੰਤ ਵਿਚ ਨਿਕੰਮੀਆਂ ਸਰਕਾਰਾਂ ਅੱਗੇ ਹਾਰ ਜਾਂਦੇ ਹਨ। ਸਾਡੇ ਪੜ੍ਹੇ ਲਿਖੇ ਅਤੇ ਕਾਬਿਲ ਨੌਜਵਾਨ ਟਾਵਰਾਂ ’ਤੇ ਬੈਠੇ ਹਨ ਅਤੇ ਅਨਪੜ੍ਹ ਸੰਸਦ ਵਿਚ ਬੈਠੇ ਦੇਸ਼ ਚਲਾ ਰਹੇ ਹਨ ਤਾਂ ਇਨਸਾਫ਼ ਕਿਵੇਂ ਹੋਵੇਗਾ? ਸਿਸਟਮ ਦੇ ਸਤਾਏ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ ਕਿਉਂਕਿ ਉਸ ਦੀਆਂ ਸਰਕਾਰਾਂ ਉਨ੍ਹਾਂ ਦੀ ਕਾਬਲੀਅਤ ਦਾ ਮੁੱਲ ਪਾਉਂਦੀਆਂ ਨੇ।
ਸੁਰਿੰਦਰ ਕੌਰ ਨਗਾਰੀ, ਮੁਹਾਲੀ
ਅੰਬਾਂ ਦੇ ਬਾਗ਼
10 ਜੂਨ ਦੇ ਨਜ਼ਰੀਆ ਪੰਨੇ ’ਤੇ ਛਪਿਆ ਅਵਤਾਰ ਸਿੰਘ ਸੰਧੂ ਦਾ ਲੇਖ ‘ਅੰਬੀਆਂ ਨੂੰ ਤਰਸੇਂਗੀ…’ ਲੇਖਕ ਦਾ ਆਪਣੇ ਇਲਾਕੇ ਪ੍ਰਤੀ ਮੋਹ ਅਤੇ ਉਸ ਦੇ ਪਿਛੋਕੜ ਪ੍ਰਤੀ ਖਿੱਚ ਨੂੰ ਦਰਸਾਉਂਦਾ ਹੈ। ਅਜੇ ਪੰਜ-ਛੇ ਦਹਾਕੇ ਪਹਿਲਾਂ ਦੀ ਤਾਂ ਗੱਲ ਹੈ ਜਦੋਂ ਦੋਆਬੇ ਦਾ ਹਰ ਪਿੰਡ ਅੰਬਾਂ ਦੇ ਬਾਗ਼ਾਂ ਨਾਲ ਘਿਰਿਆ ਹੁੰਦਾ ਸੀ। ਸਮੇਂ ਨੇ ਕਰਵਟ ਲਈ, ਬਲਦਾਂ ਵਾਲੇ ਹਲਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਤੇ ਬਹੁਤੀ ਜ਼ਮੀਨ ਨੂੰ ਵੀ ਆਬਾਦ ਕਰਨਾ ਸੌਖਾ ਹੋ ਗਿਆ। ਨਾਲ ਹੀ ਅੰਬਾਂ ਦੇ ਦਰਖ਼ਤ ਧੜਾਧੜ ਕੱਟੇ ਜਾਣ ਲੱਗੇ। ਹੁਣ ਤਾਂ ਬਸ ਜੇ ਕੁਝ ਬਚਿਆ ਹੈ ਤਾਂ ਸਿਆਣੀ ਉਮਰ ਦੇ ਬੰਦਿਆਂ ਦੇ ਦਿਲਾਂ ਵਿਚ ਦੋਆਬੇ ਦੇ ਖੱਟੇ-ਮਿੱਠੇ ਅੰਬਾਂ ਦੀਆਂ ਯਾਦਾਂ ਹੀ ਹਨ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਬਦਨੀਅਤ ?
9 ਜੂਨ ਦੇ ਪਹਿਲੇ ਪੰਨੇ ਦੇ ਪੈਰਾਂ ਵਿਚ ਖ਼ਬਰ ਛਾਪੀ ਗਈ ਹੈ: ‘‘ਧੋਖਾਧੜੀ ਦੇ ਦੋਸ਼ ਹੇਠ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਸੱਤ ਸਾਲ ਕੈਦ’’। ਹੇਠ ਖ਼ਬਰ ਵਿਚ ਲਿਖਿਆ ਹੈ: ‘‘ਲਤਾ ਰਾਮਗੋਬਿਨ ਮਸ਼ਹੂਰ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਇਲਾ ਗਾਂਧੀ ਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਔਲਾਦ ਹੈ’’। ਅਸਲ ਵਿਚ ਦੋਸ਼ੀ ਦੱਸੀ ਗਈ ਆਸ਼ੀਸ਼ ਲਤਾ ਮਹਾਤਮਾ ਗਾਂਧੀ ਦੇ ਛੋਟੇ ਪੁੱਤਰ ਮਨੀ ਲਾਲ ਗਾਂਧੀ ਦੀ ਧੀ ਇਲਾ ਗਾਂਧੀ ਦੀ ਧੀ ਹੈ, ਜਿਸ ਨੂੰ ਮਨੀਲਾਲ ਗਾਂਧੀ ਦੀ ਦੋਹਤੀ ਤੇ ਮਹਾਤਮਾ ਗਾਂਧੀ ਦੀ ਪੜਦੋਹਤੀ ਕਿਹਾ ਜਾ ਸਕਦਾ ਹੈ। ਵੈਸੇ ਜੇ ਇਹ ਮਹਾਤਮਾ ਗਾਂਧੀ ਦੀ ਪੜਪੋਤੀ ਵੀ ਹੁੰਦੀ ਤਾਂ ਵੀ ਕਿਸੇ ਬੱਚੇ ਦੇ ਦੋਸ਼ ਨੂੰ ਬਦੋਬਦੀ ਖਿੱਚ ਕੇ ਉਹਦੇ ਬੇਦਾਗ਼ ਬਾਪ ਦਾਦਿਆਂ ਤਕ ਲੈ ਜਾਣਾ ਕਿਸੇ ਬਦਨੀਅਤ ਤੋਂ ਵੱਧ ਕੁਝ ਨਹੀਂ ਹੈ।
ਅਵਤਾਰ ਸਿੰਘ, ਫਗਵਾੜਾ
ਦਲਿਤ ਸਮਾਜ ਦੀ ਸਿਆਸੀ ਸਮਝ
ਜਗਰੂਪ ਸਿੰਘ ਸੇਖੋਂ ਦਾ ਲੇਖ ‘ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ’ (9 ਜੂਨ) ਦਲਿਤ ਸਮਾਜ ਦੀ ਸਿਆਸੀ ਸਮਝ ਅਤੇ ਵੋਟਿੰਗ ਪੈਟਰਨ ਦਾ ਵਿਸ਼ਲੇਸ਼ਣ ਕਰਦਾ ਹੈ। ਸਿਆਸੀ ਪਾਰਟੀਆਂ ਦਾ ਦਲਿਤ ਭਾਈਚਾਰੇ ਵੱਲ ਨਜ਼ਰੀਆ ਸਟੰਟ ਭਰਪੂਰ ਹੈ। ਲੇਖ ਸਪੱਸ਼ਟ ਕਰਦਾ ਹੈ ਕਿ ਦਲਿਤ ਭਾਈਚਾਰਾ ‘ਸਿਆਸੀ ਸੂਝ’ ਘੱਟ ਅਤੇ ‘ਧਾਰਮਿਕ ਬੂਝ’ ਵੱਧ ਰੱਖਦਾ ਹੈ।
ਜਗਰੂਪ ਸਿੰਘ ਉੱਭਾਵਾਲ, ਲੁਧਿਆਣਾ
(2)
ਜਗਰੂਪ ਸਿੰਘ ਸੇਖੋਂ ਦਾ ਲੇਖ ‘ਦਲਿਤ ਭਾਈਚਾਰਾ, ਸਿਆਸਤ ਅਤੇ 2022 ਦੀਆਂ ਚੋਣਾਂ’ ਪੜ੍ਹਿਆ। ਲੇਖਕ ਨੇ ਅੰਕੜਿਆਂ ਦੇ ਆਧਾਰ ’ਤੇ ਇਹ ਗੱਲ ਕਹੀ ਹੈ ਕਿ ਦਲਿਤ ਵਰਗ ਦੀ ਵੋਟ ਪ੍ਰਤੀਸ਼ਤ ਅਤੇ ਲੋਕ ਸਭਾ/ਵਿਧਾਨ ਸਭਾ ਸੀਟਾਂ ਵਧ ਰਹੀਆਂ ਹਨ। ਉਂਜ ਸਿਆਸੀ ਪਾਰਟੀਆਂ ਭਾਵੇਂ ਦਲਿਤ ਵਰਗ ਦੇ ਉਥਾਨ ਨੂੰ ਦੇਖ ਕੇ ਚੋਣਾਂ ਵਿਚ ਉਨ੍ਹਾਂ ਦੇ ਹੱਕ ਵਿਚ ਵਾਅਦੇ ਕਰ ਰਹੇ ਹਨ ਪਰ ਦਲਿਤ ਵਰਗ ਅਜੇ ਵੀ ਗੂੜ੍ਹੀ ਨੀਂਦ ਵਿਚ ਹੈ। ਬਹੁਤ ਥੋੜ੍ਹੇ ਜਾਗਰੂਕ ਦਲਿਤ ਹੀ ਹੋਣਗੇ ਜੋ ਬਹੁਜਨ ਸਮਾਜ ਪਾਰਟੀ ਬਾਰੇ ਜਾਣਗੇ ਹਨ, ਨਹੀਂ ਤਾਂ ਸਾਰੇ ਆਪੇ ਬਣੇ ਦਲਿਤ ਹਮਦਰਦ ਨੇਤਾ ਜੋ ਵੱਖ ਵੱਖ ਪਾਰਟੀਆਂ ਨਾਲ ਰਲ਼ ਕੇ ਆਪਣੇ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ, ਦੇ ਮਗਰ ਅੱਖਾਂ ਮੀਚ ਕੇ ਲੱਗੇ ਹੋਏ ਹਨ।
ਗੁਰਦੀਪ ਸਿੰਘ, ਅਲੀਪੁਰ (ਨਾਭਾ)
ਵਿਦਵਤਾ ਤੇ ਮਾਨਵਤਾ ਦਾ ਸੁਮੇਲ
ਸੁਹਿਰਦ ਅਧਿਆਪਕ, ਵਿਦਵਾਨ ਅਤੇ ਸਮਾਜ ਦੇ ਆਰਥਿਕ, ਸਮਾਜਿਕ ਤੇ ਸਭਿਆਚਾਰਕ ਪੱਖਾਂ ਬਾਰੇ ਡੂੰਘਾ ਗਿਆਨ ਰੱਖਣ ਵਾਲੇ ਡੀਆਰ ਚੌਧਰੀ ਨੂੰ ਪ੍ਰੋ. ਪ੍ਰੀਤਮ ਸਿੰਘ ਨੇ ਢੁਕਵੀਂ ਸ਼ਰਧਾਂਜਲੀ (5 ਜੂਨ) ਦਿੱਤੀ ਹੈ। ਚੌਧਰੀ ਸਾਹਿਬ ਨੂੰ ਸੈਮੀਨਾਰਾਂ ਤੇ ਕਾਨਫ਼ਰੰਸਾਂ ਦੌਰਾਨ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਉਹ ਸਮਾਜ ਵਿਚਲੀਆਂ ਕੁਰੀਤੀਆਂ ਬਾਰੇ ਬੇਬਾਕ, ਤਰਕਪੂਰਨ ਤੇ ਪੇਸ਼ੇਵਾਰਾਨਾ ਵਿਚਾਰ ਪੇਸ਼ ਕਰਦੇ। ਉਨ੍ਹਾਂ ਦੇ ਅੰਗਰੇਜ਼ੀ ਵਿਚ ਛਪੇ ਲੇਖ ਨਿਹਾਇਤ ਗਿਆਨ ਭਰਪੂਰ ਹੁੰਦੇ। ਅਜਿਹੇ ਇਨਸਾਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗਿਆਨ ਦੇ ਲੇਖੇ ਲਾਈ, ਦੇ ਜਾਣ ਨਾਲ ਨਿਸ਼ਚੇ ਹੀ ਖਲਾਅ ਪੈਦਾ ਹੋਇਆ ਹੈ।
ਡਾ. ਸੁਖਦੇਵ ਸਿੰਘ, ਲੁਧਿਆਣਾ